ਫਿਲੌਰ ‘ਚ ਛੱਠ ਪੂਜਾ ਦੇ ਮੇਲੇ ਦੌਰਾਨ ਪਰਾਲੀ ਨੂੰ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

0
10

ਪਟਾਕੇ ਚਲਾਉਣ ਕਾਰਨ ਅੱਗ ਲੱਗਣ ਦਾ ਖ਼ਦਸ਼ਾ, ਪਸ਼ੂਆਂ ਲਈ ਇਕੱਠੀ ਕਰਕੇ ਰੱਖੀ ਪਰਾਲੀ ਸੜ ਕੇ ਹੋਈ ਨੁਕਸਾਨ

ਜਾਮ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਮੌਕੇ ‘ਤੇ ਪਹੁੰਚਣ ਵਿੱਚ ਹੋਈ ਦੇਰੀ

ਫਿਲੌਰ: ਸਤਲੁਜ ਦਰਿਆ ਨੇੜੇ ਛੱਠ ਪੂਜਾ ਦੇ ਮੇਲੇ ਦੌਰਾਨ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਇਹ ਘਟਨਾ ਫਿਲੌਰ ਵਿੱਚ ਸਤਲੁਜ ਦਰਿਆ ਕੰਢੇ ਵੱਸਦੇ ਗੁੱਜਰ ਭਾਈਚਾਰੇ ਨਾਲ ਸਬੰਧਤ ਇਲਾਕੇ ਵਿੱਚ ਵਾਪਰੀ, ਜਿੱਥੇ ਪਸ਼ੂਆਂ ਦੇ ਚਾਰੇ ਲਈ ਪਰਾਲੀ ਇਕੱਠੀ ਕਰਕੇ ਰੱਖੀ ਗਈ ਸੀ।

ਜਾਣਕਾਰੀ ਮੁਤਾਬਕ ਛੱਠ ਪੂਜਾ ਦੇ ਮੇਲੇ ਵਿੱਚ ਆਏ ਕੁਝ ਲੋਕਾਂ ਵੱਲੋਂ ਪਟਾਕੇ ਚਲਾਏ ਜਾ ਰਹੇ ਸਨ। ਇਸ ਦੌਰਾਨ ਇੱਕ ਪਟਾਕਾ ਪਰਾਲੀ ਵਿੱਚ ਜਾ ਡਿੱਗਿਆ, ਜਿਸ ਕਾਰਨ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਅੱਗ ਦੇ ਉੱਚੇ-ਉੱਚੇ ਭਾਂਬੜ ਉੱਠਣ ਲੱਗੇ। ਇਸ ਕਾਰਨ ਉੱਥੇ ਮੌਜੂਦ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਹਾਲਾਂਕਿ ਇਲਾਕੇ ਵਿੱਚ ਲੱਗੇ ਜਾਮ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਪਹੁੰਚਣ ਵਿੱਚ ਦੇਰੀ ਹੋਈ ਅਤੇ ਅੱਗ ਬੁਝਾਉਣ ਦੌਰਾਨ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਖ਼ਬਰ ਲਿਖੇ ਜਾਣ ਤੱਕ ਅੱਗ ਦੇ ਭਾਂਬੜ ਮੱਚ ਰਹੇ ਸਨ। ਅੱਗ ਕਾਰਨ ਹੋਏ ਕੁੱਲ ਨੁਕਸਾਨ ਬਾਰੇ ਅਜੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਸੀ।