ਬਠਿੰਡਾ | ਤਲਵੰਡੀ ਸਾਬੋ ਵਿਖੇ ਡਾਕਟਰ ਦਿਨੇਸ਼ ਬਾਂਸਲ ‘ਤੇ ਗੋਲੀਆਂ ਚਲਾਉਣ ਵਾਲੇ 2 ਦੋਸ਼ੀਆਂ ਸਮੇਤ ਕੁੱਲ 7 ਵਿਅਕਤੀਆਂ ਨੂੰ ਪੁਲਿਸ ਨੇ ਐਤਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸੱਤ ਮੁਲਜ਼ਮ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਗੈਂਗ ਦੇ ਮੈਂਬਰ ਦੱਸੇ ਜਾਂਦੇ ਹਨ।
ਸੋਮਵਾਰ ਸਵੇਰੇ ਐਸਐਸਪੀ ਜੇ ਐਲੇਨਚੇਲੀਅਨ ਨੇ ਇਸ ਦੀ ਪੁਸ਼ਟੀ ਕੀਤੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਬੀਨੂੰ ਸਿੰਘ, ਪ੍ਰਦੀਪ ਸਿੰਘ, ਦਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ, ਹਰਪਿੰਦਰ ਸਿੰਘ, ਸੁਖਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 315 ਬੋਰ ਅਤੇ 12 ਬੋਰ ਦਾ ਅਸਲਾ ਬਰਾਮਦ ਕੀਤਾ ਹੈ।
ਐਤਵਾਰ ਦੇਰ ਸ਼ਾਮ ਤਲਵੰਡੀ ਸਾਬੋ ‘ਚ ਫਿਰੌਤੀ ਨਾ ਦੇਣ ‘ਤੇ ਡਾਕਟਰ ‘ਤੇ ਗੋਲੀ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਨਾਲ ਮੁੱਠਭੇੜ ਹੋ ਗਈ। ਇਹ ਮੁਕਾਬਲਾ ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਨੇੜੇ ਹੋਇਆ।
ਇਸ ‘ਚ ਇਕ ਦੋਸ਼ੀ ਨੂੰ ਗੋਲੀ ਲੱਗ ਗਈ। ਜ਼ਖਮੀ ਦੀ ਪਛਾਣ ਬੀਨੂੰ ਵਜੋਂ ਹੋਈ ਹੈ, ਜੋ ਮਨਪ੍ਰੀਤ ਮੰਨਾ ਗੈਂਗ ਦਾ ਸਰਗਨਾ ਦੱਸਿਆ ਜਾਂਦਾ ਹੈ। ਤਲਵੰਡੀ ਸਾਬੋ ਦੇ ਡਾਕਟਰ ਦਿਨੇਸ਼ ਬਾਂਸਲ ‘ਤੇ ਐਤਵਾਰ ਨੂੰ ਫਿਰੌਤੀ ਦੀ ਰਕਮ ਨਾ ਦੇਣ ‘ਤੇ ਬਦਮਾਸ਼ਾਂ ਨੇ ਗੋਲੀ ਚਲਾ ਦਿੱਤੀ।
ਘਟਨਾ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਐਤਵਾਰ ਸ਼ਾਮ ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਉਦੋਂ ਹੀ ਪੁਲਿਸ ਨੂੰ ਪਿੰਡ ਗੁਰੂਸਰ ਵਿੱਚ ਬਦਮਾਸ਼ਾਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ।
ਇਸ ਦੌਰਾਨ ਪੁਲਿਸ ਨੇ ਗੋਲੀ ਚਲਾਉਣ ਵਾਲੇ ਹਮਲਾਵਰਾਂ ਵਿੱਚੋਂ ਇੱਕ ਦੀ ਪਛਾਣ ਕਰ ਲਈ ਹੈ। ਪੁਲਸ ਜਿਵੇਂ ਹੀ ਮੌਕੇ ‘ਤੇ ਪਹੁੰਚੀ ਤਾਂ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਗੋਲੀ ਬੀਨੂੰ ਨਾਮ ਦੇ ਹਮਲਾਵਰ ਨੂੰ ਲੱਗ ਗਈ। ਉਸ ਨੂੰ ਗੰਭੀਰ ਹਾਲਤ ਵਿੱਚ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਬਠਿੰਡਾ ਦੇ ਐਸਐਸਪੀ ਜੇ ਐਲਨਚੇਲੀਅਨ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਐਤਵਾਰ ਨੂੰ ਹਮਲਾਵਰਾਂ ਨੂੰ ਫੜਨ ਗਈ ਸੀ। ਇਸ ਦੌਰਾਨ ਹਮਲਾਵਰਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ਵਿਚ ਹਮਲਾਵਰ ਨੂੰ ਇਕ ਗੋਲੀ ਲੱਗੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।



































