ਚੰਡੀਗੜ੍ਹ| ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਕਾਰਨ ਜਾਨਲੇਵਾ ਹਾਦਸੇ ਵਾਪਰ ਰਹੇ ਹਨ। 19 ਦਸੰਬਰ ਨੂੰ ਪਟਿਆਲਾ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ ਕੁੱਲ 5 ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ 3 ਮਾਸੂਮ ਬੱਚੀਆਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ। 15 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ।
ਮ੍ਰਿਤਕਾਂ ਦੀ ਪਛਾਣ ਸੁਰਿੰਦਰ ਸਿੰਘ, ਗੁਰਦੀਪ ਸਿੰਘ ਅਤੇ ਸ਼ੇਰ ਮੁਹੰਮਦ ਵਾਸੀ ਪਿੰਡ ਹਥਨ ਵਜੋਂ ਹੋਈ ਹੈ। ਪੰਜਾਬ ਦੇ ਕੁੱਲ 17 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਪਟਿਆਲਾ ਦੇ ਪਿੰਡ ਹਰੀਗੜ੍ਹ ਵਿੱਚ ਰਾਤ ਸਮੇਂ ਧੁੰਦ ਕਾਰਨ ਇੱਕ ਟਾਟਾ 407 ਸੜਕ ਕਿਨਾਰੇ ਖੜ੍ਹੇ ਗੰਨੇ ਦੇ ਭਰੇ ਦਰੱਖਤ ਨਾਲ ਟਕਰਾ ਗਈ। ਟਾਟਾ 407 ‘ਚ ਸਵਾਰ 6 ਲੋਕਾਂ ‘ਚੋਂ 3 ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਲੋਕ ਜ਼ਖਮੀਆਂ ਨੂੰ ਗੱਡੀ ‘ਚੋਂ ਬਾਹਰ ਕੱਢ ਰਹੇ ਸਨ ਕਿ ਇਕ ਹੋਰ ਤੇਜ਼ ਰਫਤਾਰ ਵਾਹਨ ਨੇ ਦੋ ਹੋਰ ਲੋਕਾਂ ਨੂੰ ਟੱਕਰ ਮਾਰ ਦਿੱਤੀ। ਦੋਵਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਸਥਾਨਕ ਹਸਪਤਾਲ ਵੱਲੋਂ ਚੰਡੀਗੜ੍ਹ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ।
ਫਾਜ਼ਿਲਕਾ ‘ਚ ਵੀ 3 ਲੜਕੀਆਂ ਦੀ ਮੌਤ
ਫਾਜ਼ਿਲਕਾ ‘ਚ ਸੜਕ ਹਾਦਸੇ ‘ਚ ਤਿੰਨ ਲੜਕੀਆਂ ਦੀ ਵੀ ਮੌਤ ਹੋ ਗਈ ਹੈ, ਜਦਕਿ ਉਨ੍ਹਾਂ ਦੇ ਪਿਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਸੁਲਤਾਨ ਸਿੰਘ ਨੇ ਦੱਸਿਆ ਕਿ ਉਹ 19 ਦਸੰਬਰ ਦੀ ਰਾਤ ਨੂੰ ਆਪਣੀਆਂ ਧੀਆਂ ਨਾਲ ਘਰ ਜਾ ਰਿਹਾ ਸੀ। ਖਰਾਸ ਵਾਲੀ ਢਾਣੀ ਨੇੜੇ ਤੇਜ਼ ਰਫ਼ਤਾਰ ਅਣਪਛਾਤੇ ਪਿਕਅੱਪ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਧੀਆਂ ਸਿਮਰਨਜੀਤ (9), ਕੁਲਵਿੰਦਰ (7) ਅਤੇ ਮੀਰਾ ਬਾਈ (4) ਦੀ ਮੌਤ ਹੋ ਗਈ।
ਇਸ ਤੋਂ ਇਲਾਵਾ ਬਠਿੰਡਾ ਅਤੇ ਗਿੱਦੜਬਾਹਾ ਵਿੱਚ ਧੁੰਦ ਕਾਰਨ 9 ਵਾਹਨਾਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ ਹਨ।