ਚੋਰੀ ਤੇ ਲੁੱਟ-ਖੋਹ ਨੂੰ ਅੰਜਾਮ ਦੇਣ ਵਾਲੀਆਂ ਸਕੀਆਂ ਭੈਣਾਂ ਸਣੇ 6 ਗ੍ਰਿਫਤਾਰ, ਮਾਮਲਾ ਦਰਜ

0
482

ਲੁਧਿਆਣਾ। ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਚੋਰੀ, ਲੁੱਟ-ਖੋਹ ਅਤੇ ਚੋਰੀ ਦਾ ਸਮਾਨ ਖਰੀਦਣ ਦੇ ਦੋਸ਼ਾਂ ‘ਚ ਦੋ ਸਕੀਆਂ ਭੈਣਾਂ ਸਮੇਤ ਕੁੱਲ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਮੋਟਰਸਾਈਕਲ, ਮੋਬਾਈਲ, ਕੱਪੜੇ ਦੇ ਥੈਲੇ ਅਤੇ ਲੋਹੇ ਦੇ ਦੰਦ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਰਿਮਾਂਡ ਹਾਸਲ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਥਾਣਾ ਡਿਵੀਜ਼ਨ ਨੰਬਰ 1 ਦੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਪਿੰਡ ਕਾਦੀਆਂ ਵਾਸੀ ਮਹਿਕ ਸਿਸੋਦੀਆ ਅਤੇ ਜਾਨਕੀ ਸਿਸੋਦੀਆ ਵਜੋਂ ਹੋਈ ਹੈ। ਦੋਵੇਂ ਸਕੀਆਂ ਭੈਣਾਂ ਹਨ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਸੈਕਟਰ 19ਬੀ ਚੰਡੀਗੜ੍ਹ ਦੀ ਵਸਨੀਕ ਬਲਜੀਤ ਕੌਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਆਪਣੇ ਬਿਆਨ ‘ਚ ਉਸ ਨੇ ਦੱਸਿਆ ਕਿ 23 ਨਵੰਬਰ ਨੂੰ ਉਹ ਚੋਪੜਾ ਕੁਲੈਕਸ਼ਨ ਨਾਂ ਦੀ ਦੁਕਾਨ ‘ਤੇ ਖਰੀਦਦਾਰੀ ਕਰ ਰਹੀ ਸੀ। ਉਸੇ ਸਮੇਂ ਤਿੰਨ ਔਰਤਾਂ ਨੇ ਉਸ ਦੇ ਪਰਸ ਦੀ ਜ਼ਿੱਪ ਖੋਲ੍ਹ ਕੇ ਉਸ ਵਿੱਚੋਂ 27 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਜਾਂਚ ਦੌਰਾਨ ਪੁਲਿਸ ਨੇ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ।