ਨਵੇਂ ਸਾਲ ‘ਚ ਲਾਂਚ ਹੋਵੇਗਾ 5G, ਪੜ੍ਹੋ ਚੰਡੀਗੜ੍ਹ ਸਣੇ ਪਹਿਲਾਂ ਕਿਨ੍ਹਾਂ ਸ਼ਹਿਰਾਂ ਨੂੰ ਮਿਲੇਗੀ ਸਹੂਲਤ

0
7005

ਨਵੀਂ ਦਿੱਲੀ | ਆਖਿਰਕਾਰ ਉਹ ਖਬਰ ਆ ਗਈ ਹੈ, ਜਿਸ ਦਾ ਲੋਕ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਦੂਰਸੰਚਾਰ ਵਿਭਾਗ (DoT) ਨੇ ਸੋਮਵਾਰ ਨੂੰ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਅਹਿਮਦਾਬਾਦ, ਬੈਂਗਲੁਰੂ, ਚੰਡੀਗੜ੍ਹ, ਚੇਨਈ, ਦਿੱਲੀ, ਗਾਂਧੀਨਗਰ, ਗੁਰੂਗ੍ਰਾਮ, ਹੈਦਰਾਬਾਦ, ਜਾਮਨਗਰ, ਕੋਲਕਾਤਾ, ਲਖਨਊ, ਮੁੰਬਈ ਤੇ ਪੁਣੇ ਅਗਲੇ ਸਾਲ 5ਜੀ ਸੇਵਾਵਾਂ ਪ੍ਰਾਪਤ ਕਰਨ ਵਾਲੇ ਸਭ ਤੋਂ ਪਹਿਲਾਂ ਹੋਣਗੇ। ਸਰਕਾਰ ਮਾਰਚ-ਅਪ੍ਰੈਲ 2022 ਵਿੱਚ 5ਜੀ ਲਈ ਸਪੈਕਟ੍ਰਮ ਨਿਲਾਮੀ ਕਰਨ ਦੀ ਯੋਜਨਾ ਬਣਾ ਰਹੀ ਹੈ।

ਇਸ ਸਾਲ ਸਤੰਬਰ ਵਿੱਚ ਦੂਰਸੰਚਾਰ ਵਿਭਾਗ ਨੇ ਸਪੈਕਟ੍ਰਮ ਦੀ ਨਿਲਾਮੀ ‘ਤੇ ਦੂਰਸੰਚਾਰ ਖੇਤਰ ਦੇ ਰੈਗੂਲੇਟਰ ਟਰਾਈ (TRAI) ਤੋਂ ਸਿਫਾਰਸ਼ਾਂ ਮੰਗੀਆਂ ਸਨ, ਜਿਸ ਵਿੱਚ ਮੁੱਖ ਤੌਰ ‘ਤੇ ਰਿਜ਼ਰਵ ਕੀਮਤ, ਬੈਂਡ ਯੋਜਨਾ, ਬਲਾਕ ਆਕਾਰ, ਸਪੈਕਟ੍ਰਮ ਦੀ ਮਾਤਰਾ ਆਦਿ ਸ਼ਾਮਿਲ ਸਨ। ਟਰਾਈ ਨੇ ਇਸ ਮੁੱਦੇ ‘ਤੇ ਉਦਯੋਗ ਦੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਸ਼ੁਰੂ ਕਰ ਦਿੱਤਾ ਹੈ।

ਕਿੱਥੇ ਟੈਸਟ ਕਰ ਰਹੀਆਂ ਹਨ ਕੰਪਨੀਆਂ?

ਧਿਆਨਯੋਗ ਹੈ ਕਿ ਭਾਰਤ ਵਿੱਚ 5ਜੀ ਦਾ ਟ੍ਰਾਇਲ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਹੈ ਤੇ ਮਈ 2022 ਤੱਕ ਦੇਸ਼ ਵਿੱਚ 5ਜੀ ਟ੍ਰਾਇਲ ਚੱਲੇਗਾ। ਪੂਰਾ ਦੇਸ਼ 5ਜੀ ਦੇ ਵਪਾਰਕ ਲਾਂਚ ਦੀ ਉਡੀਕ ਕਰ ਰਿਹਾ ਹੈ ਪਰ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ।

ਹੁਣ ਜਿਨ੍ਹਾਂ ਸ਼ਹਿਰਾਂ ਵਿੱਚ ਪਹਿਲਾਂ 5ਜੀ ਸੇਵਾ ਪ੍ਰਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ, ਉੱਥੇ ਜੀਓ (Jio), ਏਅਰਟੈੱਲ (Airtel) ਅਤੇ ਵੋਡਾਫੋਨ-ਆਈਡੀਆ ਆਪਣੇ 5ਜੀ ਨੈੱਟਵਰਕ ਦੀ ਜਾਂਚ ਕਰ ਰਹੇ ਹਨ।

ਦੂਰਸੰਚਾਰ ਆਪ੍ਰੇਟਰਾਂ ਭਾਰਤੀ ਏਅਰਟੈੱਲ, ਰਿਲਾਇੰਸ ਜੀਓ ਤੇ ਵੋਡਾਫੋਨ-ਆਈਡੀਆ ਨੇ ਗੁਰੂਗ੍ਰਾਮ, ਬੈਂਗਲੁਰੂ, ਕੋਲਕਾਤਾ, ਮੁੰਬਈ, ਚੰਡੀਗੜ੍ਹ, ਦਿੱਲੀ, ਜਾਮਨਗਰ, ਅਹਿਮਦਾਬਾਦ, ਚੇਨਈ, ਹੈਦਰਾਬਾਦ, ਲਖਨਊ, ਪੁਣੇ, ਗਾਂਧੀ ਨਗਰ ਸ਼ਹਿਰਾਂ ਵਿੱਚ 5ਜੀ ਟੈਸਟਿੰਗ ਸਾਈਟਾਂ ਸਥਾਪਿਤ ਕੀਤੀਆਂ ਹਨ।

ਸਭ ਤੋਂ ਵਧੀਆ ਰਹੇਗੀ 5G ਸਪੀਡ

ਦੇਸ਼ ਵਿੱਚ 5ਜੀ ਦੇ ਲਾਗੂ ਹੋਣ ਤੋਂ ਬਾਅਦ ਮੋਬਾਇਲ ਟੈਲੀਫੋਨ ਦੀ ਦੁਨੀਆ ਬਦਲ ਜਾਵੇਗੀ। ਇਕ ਅੰਦਾਜ਼ੇ ਮੁਤਾਬਕ 5G ਦੀ ਸਪੀਡ 4G ਤੋਂ 10 ਗੁਣਾ ਜ਼ਿਆਦਾ ਹੈ। 5ਜੀ ਸੇਵਾ ਦੀ ਸ਼ੁਰੂਆਤ ਡਿਜੀਟਲ ਕ੍ਰਾਂਤੀ ਨੂੰ ਨਵਾਂ ਆਯਾਮ ਦੇਵੇਗੀ।

ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਫਾਇਦਾ ਹੋਵੇਗਾ। ਈ-ਗਵਰਨੈਂਸ ਦਾ ਵਿਸਥਾਰ ਹੋਵੇਗਾ। ਜਿਸ ਤਰ੍ਹਾਂ ਕੋਰੋਨਾ ਦੇ ਦੌਰ ‘ਚ ਇੰਟਰਨੈੱਟ ‘ਤੇ ਹਰ ਕਿਸੇ ਦੀ ਨਿਰਭਰਤਾ ਵਧੀ ਹੈ, ਉਸ ਦੇ ਮੱਦੇਨਜ਼ਰ 5ਜੀ ਦੇ ਆਉਣ ਤੋਂ ਬਾਅਦ ਇਹ ਹਰ ਵਿਅਕਤੀ ਦੀ ਜ਼ਿੰਦਗੀ ਨੂੰ ਬਿਹਤਰ ਅਤੇ ਸਰਲ ਬਣਾਉਣ ਵਿੱਚ ਮਦਦ ਕਰੇਗਾ।