ਸਰਕਾਰ ਨੇ ਅਲਰਟ ਰਹਿਣ ਲਈ ਕਿਹਾ, ਆਉਣ ਵਾਲੇ ਦਿਨਾਂ ‘ਚ ਕੋਰੋਨਾ 5 ਤੋਂ 50 ਲੋਕਾਂ ਤੱਕ ਫੈਲਣ ਖ਼ਤਰਾ

0
2645

ਨਵੀਂ ਦਿੱਲੀ . ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇ ਲੋਕਾਂ ਵੱਲੋਂ ਸਾਵਧਾਨੀ ਨਾ ਵਰਤੀ ਗਈ ਤਾਂ ਭਾਰਤ ਦੀ ਲਗਭਗ 85 ਪ੍ਰਤੀਸ਼ਤ ਆਬਾਦੀ ਭਾਵ ਇੱਕ ਅਰਬ ਦੇ ਕਰੀਬ ਆਬਾਦੀ ਕੋਰੋਨਾ ਨਾਲ ਪੀੜਤ ਹੋ ਸਕਦੀ ਹੈ। NITI ਆਯੋਗ ਦੇ ਮੈਂਬਰ ਡਾਕਟਰ ਵੀ ਕੇ ਪੌਲ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ‘ਤੇ ਪ੍ਰੈਸ ਬ੍ਰੀਫਿੰਗ ਦੌਰਾਨ ਇਹ ਚੇਤਾਵਨੀ ਦਿੱਤੀ।

ਦਰਅਸਲ, ਇਸ ਪ੍ਰੈਸ ਬ੍ਰੀਫਿੰਗ ਦੌਰਾਨ ਡਾਕਟਰ ਪੌਲ ਨੇ ਕਿਹਾ ਕਿ ਲੋਕਾਂ ਨੂੰ ਹੁਣ ਮਾਸਕ, ਸਮਾਜਿਕ ਦੂਰੀ ਵਰਗੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਪਵੇਗੀ। ਉਨ੍ਹਾਂ ਕਿਹਾ, ‘ਦੇਸ਼ ਵਿੱਚ ਤਕਰੀਬਨ 80-85 ਫ਼ੀਸਦੀ ਲੋਕ ਅਜਿਹੇ ਹਨ ਜੋ ਆਸਾਨੀ ਨਾਲ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਸਕਦੇ ਹਨ। ਦੇਸ਼ ਵਿੱਚ ਕੋਵਿਡ-19 ਦੇ ਕੇਸ ਵੱਧ ਰਹੇ ਹਨ ਤੇ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਡਾਕਟਰ ਪੌਲ ਨੇ ਕਿਹਾ, ‘ਵਾਇਰਸ ਦੇ ਪਿੱਛੇ ਦਾ ਵਿਗਿਆਨ ਅਜਿਹਾ ਹੈ ਕਿ ਇਹ ਇੱਕ ਵਿਅਕਤੀ ਤੋਂ ਪੰਜ ਲੋਕਾਂ ਤੇ ਪੰਜ ਲੋਕਾਂ ਤੋਂ ਪੰਜਾਹ ਲੋਕਾਂ ਵਿੱਚ ਫੈਲ ਜਾਵੇਗਾ।’ ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਵਿਚਾਲੇ ਵੀ ਦੇਸ਼ ਵਿੱਚ ਕੋਰੋਨਾ ਦੀ ਸਥਿਤੀ ਕੰਟਰੋਲ ਵਿੱਚ ਹੈ।

ਉੱਥੇ ਹੀ ਦੂਜੇ ਪਾਸੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 80-85 ਪ੍ਰਤੀਸ਼ਤ ਭਾਰਤੀ ਅਤਿਸੰਵੇਦਨਸ਼ੀਲ ਸ਼੍ਰੇਣੀ ਵਿੱਚ ਹਨ ਅਤੇ ਬਾਕੀ 15 ਫ਼ੀਸਦੀ ਲੋਕ ਜਾਂ ਤਾਂ ਪਹਿਲਾਂ ਹੀ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ ਜਾਂ ਫ਼ਿਰ ਉਨ੍ਹਾਂ ਵਿੱਚ ਵਾਇਰਸ ਨਾਲ ਲੜਨ ਲਈ ਚੰਗੀ ਇਮਿਊਨਿਟੀ ਹੈ। ਕੁਝ ਦਿਨ ਪਹਿਲਾਂ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਸੀ ਕਿ ਹਰਡ ਇਮਿਊਨਿਟੀ ਨੂੰ ਵਿਕਸਤ ਕਰਨ ਵਿੱਚ ਕੁਝ ਸਮਾਂ ਲੱਗੇਗਾ, ਇਸ ਲਈ ਸਰਕਾਰ ਦਾ ਧਿਆਨ ਮਹਾਂਮਾਰੀ ਨੂੰ ਰੋਕਣ ਲਈ ਹਸਪਤਾਲਾਂ ਦੇ ਪ੍ਰਬੰਧਨ ਅਤੇ ਰੋਕਥਾਮ ਲਈ ਰਣਨੀਤੀ ਬਣਾਉਣ ‘ਤੇ ਹੈ । ਸਰਕਾਰ ਦੇ ਅਨੁਸਾਰ, ਸੇਰੋ ਦੇ ਸਰਵੇਖਣ ਵਿੱਚ ਇਹ ਪਾਇਆ ਗਿਆ ਹੈ ਕਿ ਜ਼ਿਆਦਾਤਰ ਆਬਾਦੀ ਕੋਰੋਨਾ ਵਾਇਰਸ ਦੇ ਖਤਰੇ ਵਿੱਚ ਹੈ।

ICMR ਦੇ ਨੈਸ਼ਨਲ ਸੀਰੋਲੌਜੀਕਲ ਸਰਵੇ ਦੇ ਨਤੀਜਿਆਂ ਅਨੁਸਾਰ ਜ਼ਿਆਦਾਤਰ ਆਬਾਦੀ ਸੰਕਰਮਣ ਪ੍ਰਤੀ ਅਤਿਸੰਵੇਦਨਸ਼ੀਲ ਹੈ, ਇਸ ਲਈ ਸੰਕ੍ਰਮਣ ਨੂੰ ਰੋਕਣ ਲਈ ਭਾਰਤ ਨੂੰ ਲਾਜ਼ਮੀ ਤੌਰ ‘ਤੇ ਇੱਕ ਜਨਤਕ ਸਿਹਤ ਦੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ICMR ਦਾ ਕਹਿਣਾ ਹੈ ਕਿ ਵਾਰ-ਵਾਰ ਆਬਾਦੀ ਅਧਾਰਿਤ ਸੀਰੋ ਦੇ ਸਰਵੇਖਣ ਇਹ ਪਤਾ ਲਗਾਉਣਾ ਸੌਖਾ ਬਣਾਉਂਦੇ ਹਨ ਕਿ ਸਾਡੀ ਰਣਨੀਤੀ ਮਹਾਂਮਾਰੀ ਵੱਲ ਕਿਸ ਦਿਸ਼ਾ ਵੱਲ ਜਾ ਰਹੀ ਹੈ ਅਤੇ ਅਸੀਂ ਇਸ ਦਾ ਸਹੀ ਮੁਲਾਂਕਣ ਕਰ ਸਕਦੇ ਹਾਂ।