ਇਨਕਮ ਟੈਕਸ ਵਿਭਾਗ ਨੇ 48 ਕਰੋੜ ਦੀ ਕਰ ਚੋਰੀ ਦੇ ਮਾਮਲੇ ‘ਚ 4 ਵਿਅਕਤੀ ਕੀਤੇ ਗ੍ਰਿਫਤਾਰ

0
300

ਚੰਡੀਗੜ੍ਹ | ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਕਰ ਚੋਰੀ ਦੇ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਨਾਉਣ ਨੂੰ ਯਕੀਨੀ ਬਣਾਉਣ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਕਰ ਵਿਭਾਗ, ਪੰਜਾਬ ਦੇ ਜੀਐਸਟੀ ਵਿੰਗ ਨੇ ਕਰ ਚੋਰੀ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 4 ਵਿਅਕਤੀਆਂ ਨੂੰ 48 ਕਰੋੜ ਰੁਪਏ ਦੀ ਜੀਐਸਟੀ ਧੋਖਾਧੜੀ ਦੇ ਮਾਮਲੇ ਵਿੱਚ ਜਲੰਧਰ ਤੋਂ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਕਥਿਤ ਤੌਰ ‘ਤੇ ਲੋਹੇ ਦੇ ਸਕਰੈਪ ਨਾਲ ਸਬੰਧਤ ਫਰਜ਼ੀ ਫਰਮਾਂ ਚਲਾ ਰਹੇ ਸਨ ਅਤੇ ਇੰਨ੍ਹਾ ਅਸਲ ਮਾਲ ਦੀ ਸਪਲਾਈ ਤੋਂ ਬਿਨਾਂ ਹੀ ਸਿਰਫ ਇਨਵਾਇਸ ਜਾਰੀ ਕਰਕੇ ਧੋਖੇ ਨਾਲ ਇਨਪੁਟ ਟੈਕਸ ਕ੍ਰੈਡਿਟ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ) ਦਾ ਦਾਅਵਾ ਕਰਨ ਲਈ ਜੀ.ਐਸ.ਟੀ ਰਜਿਸਟ੍ਰੇਸ਼ਨਾਂ ਪ੍ਰਾਪਤ ਕੀਤੀਆਂ ਹੋਈਆਂ ਸਨ।

ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਕਰ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਕਜ ਕੁਮਾਰ ਉਰਫ਼ ਪੰਕਜ ਆਨੰਦ ਨੂੰ ਕਥਿਤ ਤੌਰ ‘ਤੇ ਮੈਸਰਜ਼ ਪੀਕੇ ਟਰੇਡਿੰਗ ਕੰਪਨੀ, ਮੈਸਰਜ਼ ਗਗਨ ਟਰੇਡਿੰਗ ਕੰਪਨੀ, ਮੈਸਰਜ਼ ਕ੍ਰਿਸ਼ ਟਰੇਡਿੰਗ ਕੰਪਨੀ, ਮੈਸਰਜ਼ ਬਾਲਾਜੀ ਟਰੇਡਿੰਗ ਕੰਪਨੀ, ਮੈਸਰਜ਼ ਕ੍ਰਿਸ਼ ਇੰਟਰਪ੍ਰਾਈਜਿਜ਼ ਅਤੇ ਮੈਸਰਜ਼ ਪੰਕਜ ਸਕ੍ਰੈਪ ਕੰਪਨੀ, ਰਵਿੰਦਰ ਸਿੰਘ ਨੂੰ ਮੈਸਰਜ਼ ਗੁਰੂ ਹਰਿਰਾਇ ਟਰੇਡਿੰਗ ਕੰਪਨੀ, ਗੁਰਵਿੰਦਰ ਸਿੰਘ ਨੂੰ ਮੈਸਰਜ਼ ਸ਼ਿਵ ਸ਼ਕਤੀ ਇੰਟਰਪ੍ਰਾਈਜ਼ਜ਼, ਅਤੇ ਅੰਮ੍ਰਿਤਪਾਲ ਸਿੰਘ ਨੂੰ ਕਥਿਤ ਤੌਰ ‘ਤੇ ਮੈਸਰਜ਼ ਨੌਰਥ ਵੋਗ ਚਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਸ ਉਪਰੰਤ ਇੰਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਚਾਰੋਂ ਮੁਲਜ਼ਮ ਜਲੰਧਰ ਦੇ ਰਹਿਣ ਵਾਲੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਮੈਸਰਜ਼ ਪੀ.ਵੀ. ਇੰਟੀਰੀਅਰ ਡੇਕੋਰ, ਜਲੰਧਰ ਬਾਰੇ ਮੁਢਲੀ ਜਾਂਚ ਕੀਤੀ ਗਈ ਸੀ, ਜਿਸ ਤੋਂ ਜਾਂਚ ਨੂੰ ਅੱਗੇ ਵਧਾਉਂਦਿਆਂ ਮੈਸਰਜ਼ ਦਸਮੇਸ਼ ਟਰੇਡਿੰਗ ਕੰਪਨੀ, ਜਲੰਧਰ, ਮੈਸਰਜ਼ ਗੁਰ ਹਰਿਰਾਇ ਟਰੇਡਿੰਗ ਕੰਪਨੀ, ਜਲੰਧਰ, ਕ੍ਰਿਸ਼ ਟਰੇਡਿੰਗ ਕੰਪਨੀ, ਜਲੰਧਰ, ਮੈਸਰਜ਼ ਸ਼ਿਵ ਸ਼ਕਤੀ ਐਂਟਰਪ੍ਰਾਈਜ਼, ਜਲੰਧਰ, ਮੈਸਰਜ਼ ਬਾਲਾਜੀ ਟਰੇਡਿੰਗ ਕੰਪਨੀ, ਮੈਸਰਜ਼ ਪੰਕਜ ਸਕ੍ਰੈਪ ਕੰਪਨੀ, ਜਲੰਧਰ, ਗਗਨ ਟ੍ਰੇਡਿੰਗ ਕੰਪਨੀ ਅਤੇ ਮੈਸਰਜ਼ ਨਾਰਥ ਵੋਗ ਕੰਪਨੀ, ਜਲੰਧਰ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਫਰਮਾਂ ਜਾਅਲੀ ਗੈਰ-ਕਾਰਜਸ਼ੀਲ ਫਰਮਾਂ ਦੇ ਗਠਜੋੜ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਧੋਖਾਧੜੀ ਨਾਲ ਆਈ.ਟੀ.ਸੀ ਦਾ ਲਾਭ ਉਠਾਇਆ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਵਿਅਕਤੀ ਸਿਰਫ ਲੋਹੇ ਅਤੇ ਪਲਾਸਟਿਕ ਦੇ ਸਕਰੈਪ ਦਾ ਵਪਾਰ ਦਿਖਾ ਰਹੇ ਸਨ ਅਤੇ ਇਸ ਦੇ ਬਦਲੇ ਉਹ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ, ਵੈਨਾਂ, ਟਰੈਕਟਰਾਂ ਅਤੇ ਬਿਨਾਂ ਰਿਕਾਰਡ ਵਾਲੇ ਫਰਜੀ ਵਾਹਨਾਂ ਲਈ ਜਾਅਲੀ ਇਨਵਾਇਸ ਅਤੇ ਜਾਅਲੀ ਈ-ਵੇਅ ਬਿੱਲ ਤਿਆਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਾਅਲੀ ਆਈ.ਟੀ.ਸੀ. ਬਣਾ ਕੇ, ਇਹ ਵਿਅਕਤੀ ਉਸੇ ਬੋਗਸ ਆਈ.ਟੀ.ਸੀ ਨੂੰ ਅੰਤਮ ਕਰਦਾਤਾ ਦੀ ਜਗ੍ਹਾ ਉਨ੍ਹਾਂ ਨੂੰ ਮੁਹੱਈਆ ਕਰਵਾ ਰਹੇ ਸਨ ਜੋ ਆਪਣੀਆਂ ਕਰ ਅਦਾਇਗੀਆਂ ਤੇ ਦੇਣਦਾਰੀਆਂ ਨੂੰ ਅਦਾ ਕਰਨ ਦੀ ਬਜਾਏ ਇਸ ਬੋਗਸ ਆਈ.ਟੀ.ਸੀ. ਨਾਲ ਐਡਜਸਟ ਕਰਵਾਕੇ ਸਰਕਾਰੀ ਖਜ਼ਾਨੇ ਦੀ ਚੋਰੀ ਕਰ ਰਹੇ ਸਨ।

ਉਸ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਵਿੱਤ ਕਮਿਸ਼ਨਰ (ਕਰ) ਵਿਕਾਸ ਪ੍ਰਤਾਪ ਤੇ ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਕਮਿਸ਼ਨਰ ਸਟੇਟ ਟੈਕਸ (ਆਡਿਟ) ਰਵਨੀਤ ਖੁਰਾਣਾ ਅਤੇ ਵਧੀਕ ਕਮਿਸ਼ਨਰ ਸਟੇਟ ਟੈਕਸ-1 (ਇਨਵੈਸਟੀਗੇਸ਼ਨ) ਵਿਰਾਜ ਐਸ. ਤਿਡਕੇ ਦੀ ਨਿਗਰਾਨੀ ਹੇਠ ਕੀਤਾ ਗਿਆ।