ਤਰਨਤਾਰਨ | ਪੁਲਿਸ ਨੇ ਥਾਣਾ ਸਰਹਾਲੀ ਦੇ ਸਾਂਝ ਕੇਂਦਰ ‘ਤੇ ਹੋਏ ਆਰਪੀਜੀ ਹਮਲੇ ਦੇ ਮਾਮਲੇ ‘ਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਪਿਛਲੇ ਦਿਨੀਂ ਆਰਪੀਜੀ ਮਾਮਲੇ ‘ਚ ਗ੍ਰਿਫਤਾਰ ਤਿੰਨ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਦੇਸੀ ਪਿਸਤੌਲ ਅਤੇ ਏਅਰਗੰਨ ਤੋਂ ਪਿਸਤੌਲ ਬਣਾਉਣ ਦਾ ਸਾਮਾਨ ਵੀ ਬਰਾਮਦ ਕੀਤਾ ਹੈ
ਐਸਐਸਪੀ ਤਰਨਤਾਰਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਆਰਪੀਜੀ ਸਮੇਤ ਫੜੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਹਰਮਨ ਸਿੰਘ ਵਾਸੀ ਸੈਦੋਂ ਅਤੇ ਕੁਲਦੀਪ ਸਿੰਘ ਵਾਸੀ ਰੂੜੀਵਾਲਾ, ਅਸ਼ੋਕ ਸਿੰਘ ਉਰਫ਼ ਮਾਛੀ ਅਤੇ ਗੁਰਸੇਵਕ ਸਿੰਘ ਉਰਫ਼ ਸੇਵਕ ਖਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਲਦੀਪ ਕੋਲੋਂ ਪੁਲਿਸ ਨੇ 325 ਬੋਰ ਦਾ ਦੇਸੀ ਕੱਟਾ ਅਤੇ 3 ਜ਼ਿੰਦਾ ਰੌਂਦ, ਅਸ਼ੋਕ ਦੀਪ ਕੋਲੋਂ ਇਕ ਦੇਸੀ ਪਿਸਤੌਲ ਅਤੇ ਗੁਰਸੇਵਕ ਕੋਲੋਂ ਏਅਰ ਗੰਨ ਤੋਂ ਪਿਸਤੌਲ ਬਣਾਉਣ ਦਾ ਸਾਮਾਨ ਬਰਾਮਦ ਕੀਤਾ ਹੈ।
ਐਸਐਸਪੀ ਤਰਨਤਾਰਨ ਨੇ ਦੱਸਿਆ ਕਿ ਹਰਮਨ ਨੇ ਆਪਣੀ ਮੋਟਰ ‘ਤੇ ਆਰਪੀਜੀ ਹਮਲੇ ਦੇ ਦੋਸ਼ੀਆਂ ਨੂੰ ਰੱਖਿਆ ਸੀ, ਜਦੋਂਕਿ ਕੁਲਦੀਪ, ਅਸ਼ੋਕ ਅਤੇ ਗੁਰਸੇਵਕ ਨੇ ਆਰਪੀਜੀ ਹਮਲੇ ਲਈ ਪੈਸਿਆਂ ਦਾ ਲੈਣ-ਦੇਣ ਕੀਤਾ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।