ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ’ਚੋਂ 3 ਸ਼ਰਧਾਲੂ ਲਾਪਤਾ, ਨਨਕਾਣਾ ਸਾਹਿਬ ਤੋਂ ਹੋਏ ਗਾਇਬ

0
12

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 22 ਨਵੰਬਰ ਨੂੰ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ ਤਿੰਨ ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਮਨਾਉਣ ਤੋਂ ਬਾਅਦ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਹਸਨ ਅਬਦਾਲ ਜਾਣ ਲਈ ਰਵਾਨਾ ਹੋ ਰਿਹਾ ਸੀ। ਇਸ ਦੌਰਾਨ ਬੱਸਾਂ ਵਿੱਚੋਂ ਤਿੰਨ ਸ਼ਰਧਾਲੂ ਗਾਇਬ ਪਾਏ ਗਏ।

ਲਾਪਤਾ ਹੋਏ ਸ਼ਰਧਾਲੂਆਂ ਦੀ ਪਛਾਣ ਬਿੱਕਰ ਸਿੰਘ ਪੁੱਤਰ ਗੁਰਦਾਸ ਰਾਮ ਵਾਸੀ ਖੋਖੇਵਾਲ, ਫਿਲੌਰ (ਜਲੰਧਰ), ਵਿਕਰਮਜੀਤ ਸਿੰਘ ਪੁੱਤਰ ਕੁੰਦਨ ਵਾਸੀ ਗੁਰੂ ਨਾਨਕ ਕਾਲੋਨੀ, ਤਰਨਤਾਰਨ ਅਤੇ ਹਰਪ੍ਰੀਤ ਸਿੰਘ ਪੁੱਤਰ ਕਵਲਜੀਤ ਸਿੰਘ ਵਾਸੀ ਸੁਲਤਾਨਵਿੰਡ, ਅੰਮ੍ਰਿਤਸਰ ਵਜੋਂ ਹੋਈ ਹੈ।

ਮੁੱਢਲੀ ਜਾਣਕਾਰੀ ਮੁਤਾਬਕ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਤਿੰਨੇ ਸ਼ਰਧਾਲੂ ਪਾਕਿਸਤਾਨ ਵਿੱਚ ਆਪਣੇ ਜੱਦੀ ਪਿੰਡਾਂ ਨੂੰ ਦੇਖਣ ਜਾਂ ਆਪਣੇ ਬਜ਼ੁਰਗਾਂ ਦੇ ਪੁਰਾਣੇ ਘਰਾਂ ਅਤੇ ਬਚਪਨ ਦੀਆਂ ਯਾਦਾਂ ਨਾਲ ਜੁੜੀਆਂ ਥਾਵਾਂ ’ਤੇ ਜਾਣ ਲਈ ਕਿਸੇ ਹੋਰ ਨਾਲ ਚਲੇ ਗਏ ਹੋ ਸਕਦੇ ਹਨ। ਹਾਲਾਂਕਿ, ਉਨ੍ਹਾਂ ਦੇ ਲਾਪਤਾ ਹੋਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਜਥੇ ਦੌਰਾਨ ਵੀ ਇੱਕ ਬਜ਼ੁਰਗ ਸ਼ਰਧਾਲੂ ਇਸੇ ਤਰ੍ਹਾਂ ਜਥੇ ਵਿੱਚੋਂ ਗਾਇਬ ਹੋ ਗਿਆ ਸੀ। ਬਾਅਦ ਵਿੱਚ ਉਹ ਆਪਣੇ ਪਿੰਡ ਵਿੱਚ ਰਹਿਣ ਤੋਂ ਬਾਅਦ ਉਸ ਦਿਨ ਮਿਲਿਆ ਸੀ, ਜਿਸ ਦਿਨ ਜਥੇ ਨੇ ਲਾਹੌਰ ਤੋਂ ਭਾਰਤ ਵਾਪਸ ਆਉਣਾ ਸੀ।