ਬਠਿੰਡਾ ‘ਚ ਸ਼ਰਾਬ ਪੀਣ ਨੂੰ ਲੈ ਕੇ 3 ਦੋਸਤਾਂ ‘ਚ ਹੋਈ ਲੜਾਈ; ਚੱਲੀਆਂ ਗੋਲੀਆਂ, 1 ਦੀ ਮੌਕੇ ‘ਤੇ ਮੌਤ

0
3166

ਬਠਿੰਡਾ | ਇਥੋਂ ਦੇ ਮਾਲ ਰੋਡ ‘ਤੇ ਹੋਟਲ ਬਾਹੀਆ ਫੋਰਟ ਦੇ ਪਿੱਛੇ 2 ਦੋਸਤਾਂ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਦੌਰਾਨ ਗੋਲੀਆਂ ਚੱਲ ਗਈਆਂ। ਇਸ ਦੌਰਾਨ 2 ਲੋਕ ਜ਼ਖਮੀ ਹੋ ਗਏ। ਸਹਾਰਾ ਜਨਸੇਵਾ ਦੇ ਵਰਕਰਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। 1 ਨੂੰ ਸਿਵਲ ਹਸਪਤਾਲ ਤੋਂ ਬਠਿੰਡਾ ਏਮਜ਼ ਲਈ ਰੈਫਰ ਕਰ ਦਿੱਤਾ ਗਿਆ। ਜਿਥੇ ਜ਼ਖਮੀ ਸ਼ਿਵਮ ਪਰਸ ਰਾਮ ਨਗਰ ਦੀ ਮੌਤ ਹੋ ਗਈ। ਸ਼ਿਵਮ ਦੇ ਪੇਟ ‘ਚੋਂ ਗੋਲੀ ਲੰਘ ਗਈ ਜਦਕਿ ਰੇਸ਼ਮ ਸਿੰਘ ਨੂੰ ਛੁਰਾ ਮਾਰਿਆ ਗਿਆ।

ਰੇਸ਼ਮ ਸਿੰਘ ਉਰਫ਼ ਰਿਸ਼ਭ ਵਾਸੀ ਰਾਜਗੜ੍ਹ ਜ਼ਿਲਾ ਬਠਿੰਡਾ ਦਾ ਇਲਾਜ ਚੱਲ ਰਿਹਾ ਹੈ। ਰੇਸ਼ਮ ਸਿੰਘ ਪੇਸ਼ੇ ਤੋਂ ਵਕੀਲ ਦੱਸਿਆ ਜਾਂਦਾ ਹੈ। ਪੁਲਿਸ ਅਨੁਸਾਰ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਗਗਨਦੀਪ, ਰੇਸ਼ਮ ਸਿੰਘ ਉਰਫ਼ ਰਿਸ਼ਭ ਅਤੇ ਸ਼ਿਵਮ ਦੋਸਤ ਹਨ ਤੇ ਤਿੰਨੇ ਨਸ਼ੇੜੀ ਹਨ। ਤਿੰਨਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਤਿੰਨਾਂ ਵਿਚਾਲੇ ਲੜਾਈ ਹੋ ਗਈ। ਗੁੱਸੇ ‘ਚ ਆ ਕੇ ਗਗਨਦੀਪ ਨੇ ਆਪਣੀ ਬੰਦੂਕ ਨਾਲ ਦੋਵਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਸ਼ਿਵਮ ਅਤੇ ਰੇਸ਼ਮ ਸਿੰਘ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ।

ਰੇਸ਼ਮ ਸਿੰਘ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਸ਼ਰਾਬ ਪੀਣ ਸਮੇਂ ਲੜਾਈ ਹੋਈ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਦਰਜ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਗਨਦੀਪ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸ਼ਿਵਮ ਅਤੇ ਰੇਸ਼ਮ ਦੀ ਗੋਲੀ ਚਲਾਉਣ ਵਾਲੇ ਨੌਜਵਾਨਾਂ ਨਾਲ ਲੜਾਈ ਹੋਈ ਸੀ। ਗੁੱਸੇ ‘ਚ ਆਏ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਸ਼ਿਵਮ ਅਤੇ ਰੇਸ਼ਮ ਜ਼ਖਮੀ ਹੋ ਗਏ। ਗੋਲੀ ਚਲਾਉਣ ਵਾਲੇ ਦੀ ਪਛਾਣ ਹੋ ਗਈ ਹੈ। ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।