ਅੰਮ੍ਰਿਤਸਰ ਏਅਰਪੋਰਟ ਤੋਂ 3 ਫਲਾਈਟਾਂ ਡਾਈਵਰਟ, ਪ੍ਰਦੂਸ਼ਣ ਤੇ ਘੱਟ ਵਿਜ਼ੀਬਿਲਟੀ ਕਾਰਨ ਲੈਂਡਿੰਗ ਦੀ ਨਹੀਂ ਮਿਲੀ ਮਨਜ਼ੂਰੀ

0
353

ਅੰਮ੍ਰਿਤਸਰ, 2 ਨਵੰਬਰ | ਪੰਜਾਬ ਵਿਚ ਵੱਧ ਰਹੇ ਪ੍ਰਦੂਸ਼ਣ ਅਤੇ ਘੱਟ ਵਿਜ਼ੀਬਿਲਟੀ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸੋਮਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਨ ਵਾਲੀਆਂ ਤਿੰਨ ਉਡਾਣਾਂ ਨੂੰ ਖਰਾਬ ਵਿਜ਼ੀਬਿਲਟੀ ਕਾਰਨ ਚੰਡੀਗੜ੍ਹ ਵੱਲ ਮੋੜਨਾ ਪਿਆ। ਇਨ੍ਹਾਂ ਉਡਾਣਾਂ ਵਿਚ ਇੱਕ ਅੰਤਰਰਾਸ਼ਟਰੀ ਉਡਾਣ ਦੇ ਨਾਲ-ਨਾਲ ਦੋ ਘਰੇਲੂ ਉਡਾਣਾਂ ਸ਼ਾਮਲ ਸਨ।

ਅੰਮ੍ਰਿਤਸਰ ‘ਚ ਸ਼ਨੀਵਾਰ ਦੁਪਹਿਰ ਨੂੰ ਪ੍ਰਦੂਸ਼ਣ ਦਾ ਪੱਧਰ ਵਧ ਕੇ 336 AQI ਹੋ ਗਿਆ। ਅੰਮ੍ਰਿਤਸਰ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿਚ ਹਵਾ ਦੀ ਗੁਣਵੱਤਾ ਕਾਫੀ ਵਿਗੜ ਗਈ ਹੈ, ਜਿਸ ਕਾਰਨ ਦ੍ਰਿਸ਼ਤਾ ਵਿਚ ਭਾਰੀ ਕਮੀ ਆਈ ਹੈ। ਪ੍ਰਦੂਸ਼ਣ ਦਾ ਪੱਧਰ ਲਗਾਤਾਰ ਖ਼ਤਰਨਾਕ ਪੱਧਰ ‘ਤੇ ਪਹੁੰਚ ਰਿਹਾ ਹੈ, ਜਿਸ ਕਾਰਨ ਉਡਾਣਾਂ ਦਾ ਸੰਚਾਲਨ ਵੀ ਪ੍ਰਭਾਵਿਤ ਹੋ ਰਿਹਾ ਹੈ। ਏਅਰਪੋਰਟ ਅਥਾਰਟੀ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਉਡਾਣਾਂ ਨੂੰ ਚੰਡੀਗੜ੍ਹ ਭੇਜਣ ਦਾ ਫੈਸਲਾ ਕੀਤਾ ਹੈ।