ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦੀ ਖਬਰ ਹੈ। ਸ਼ੁੱਕਰਵਾਰ ਨੂੰ ਕੋਰੋਨਾ ਕਰਕੇ ਸੂਬੇ ਵਿੱਚ 29ਵੀਂ ਮੌਤ ਹੋਈ ਹੈ। ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੋਹਾਲੀ ਦੇ ਜੀਰਕਪੁਰ ਸ਼ਹਿਰ ਵਿਚ 74 ਸਾਲਾ ਬਜੁਰਗ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ। ਸਿਵਲ ਸਰਜਨ ਮੁਤਾਬਿਕ ਬਜੁਰਗ ਕੋਰੋਨਾ ਪਾਜੀਟਿਵ ਸੀ ਅਤੇ ਉਸਦਾ ਪੰਚਕੂਲਾ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਰੀਜ ਦੀ ਰਿਪੋਰਟ ਵੀ ਮੌਤ ਹੋਣ ਤੋਂ ਬਾਅਦ ਪਾਜ਼ੀਟਿਵ ਆਈ ਹੈ।
ਹੁਣ ਤੱਕ ਪੂਰੇ ਪੰਜਾਬ ਵਿਚ ਕੋਰੋਨਾ ਨਾਲ 29 ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜੀਟਿਵ ਮਰੀਜਾਂ ਦੀ ਗਿਣਤੀ ਵੱਧ ਕੇ 1731 ਤੱਕ ਪਹੁੰਚ ਗਈ ਹੈ। ਮੋਹਾਲੀ ਵਿਚ ਕੋਰੋਨਾ ਨਾਲ ਹੋਣ ਵਾਲੀ ਇਹ ਤੀਜੀ ਮੌਤ ਹੈ। ਜ਼ਿਲ੍ਹੇ ਵਿੱਚ ਹੁਣ ਤਕ ਕੋਰੋਨਾ ਦੇ 96 ਕੇਸ ਸਾਹਮਣੇ ਆ ਚੁੱਕੇ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਮੋਹਾਲੀ ਵਿਚ ਕੋਰੋਨਾ ਦਾ ਸਭ ਤੋਂ ਪਹਿਲਾ ਕੇਸ ਫੇਜ਼-3 ਬੀ-1 ਵਿਚ ਆਇਆ ਸੀ। ਇਸ ਤੋਂ ਬਾਅਦ ਸ਼ਹਿਰੀ ਏਰੀਆ ਵਿਚ ਕੁਝ ਕੇਸ ਸਾਹਮਣੇ ਆਏ ਸਨ। ਇਸ ਦੌਰਾਨ ਡੇਰਾਬੱਸੀ ਦੇ ਬਲਾਕ ਜਵਾਹਪੁਰ ਵਿਚ ਕੋਰੋਨਾ ਦੀ ਐਂਟਰੀ ਹੋਈ। ਉਥੇ 40 ਦੇ ਲਗਭਗ ਕੇਸ ਸਾਹਮਣੇ ਆਏ ਸਨ। ਇਨ੍ਹਾਂ ਵਿਚੋਂ ਕਈ ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਹੁਣ ਤਕ ਜਿਲ੍ਹੇ ਵਿਚ ਲਗਭਗ 47 ਲੋਕ ਕੋਰੋਨਾ ਦੀ ਜੰਗ ਜਿੱਤ ਚੁੱਕੇ ਹਨ।
ਕੋਰੋਨਾ ਨਾਲ ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਮੋਹਾਲੀ ਦੇ 2 ਲੋਕਾਂ ਦੀ ਮੋਤ ਕੋਰੋਨਾ ਨਾਲ ਹੋ ਚੁੱਕੀ ਹੈ। ਇਸ ’ਚ ਇਕ ਬਜੁਰਗ ਵਿਅਕਤੀ ਨਯਾਗਾਂਵ ਦਾ ਰਹਿਣ ਵਾਲਾ ਸੀ। ਉਸ ਦੀ ਉਮਰ ਲਗਭਗ 65 ਸਾਲ ਸੀ। ਦੂਜੀ ਮੌਤ ਖਰੜ ਦੀ ਇਕ ਬਜੁਰਗ ਔਰਤ ਦੀ ਹੋਈ ਸੀ। ਔਰਤ ਬੀਮਾਰੀ ਕਾਰਨ ਹਸਪਤਾਲ ਵਿਚ ਭਰਤੀ ਕਰਵਾਈ ਗਈ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।