ਬਰੈਂਪਟਨ। ਕੈਨੇਡਾ ਦੇ ਬਰੈਂਪਟਨ ‘ਚ 21 ਸਾਲਾ ਪੰਜਾਬਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਪੈਟਰੋ-ਕੈਨੇਡਾ ਵਿਖੇ ਕ੍ਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਵੈਸਟ ਵਿਖੇ ਵਾਪਰੀ। ਪੁਲਿਸ ਨੇ ਦੱਸਿਆ ਕਿ ਗੈਸ ਸਟੇਸ਼ਨ ਦੀ ਕਰਮਚਾਰੀ ਪਵਨਪ੍ਰੀਤ ਕੌਰ ਨੂੰ “ਕਈ ਗੋਲੀਆਂ” ਲੱਗੀਆਂ ਅਤੇ ਡਾਕਟਰੀ ਸਹਾਇਤਾ ਦੇ ਬਾਵਜੂਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਵਨਪ੍ਰੀਤ ਕੌਰ ਜਲੰਧਰ ਦੀ ਰਹਿਣ ਵਾਲੀ ਹੈੈ। ਕੁਝ ਸਾਲ ਪਹਿਲਾਂ ਹੀ ਪਵਨਪ੍ਰੀਤ ਦਾ ਸਾਰਾ ਪਰਿਵਾਰ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਸੈਟਲ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਉਸਦੇ ਘਰਦਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪੁਲਿਸ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ, ਜਿਸ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਘਟਨਾ ਤੋਂ ਬਾਅਦ ਪੈਦਲ ਹੀ ਮੌਕੇ ਤੋਂ ਭੱਜ ਗਿਆ। ਪੁਲੀਸ ਨੇ ਇਸ ਨੂੰ ਯੋਜਨਾਬੱਧ ਘਟਨਾ ਦੱਸਦਿਆਂ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਦੱਸਿਆ ਕਿ ਅਜੇ ਤੱਕ ਮੌਕੇ ਤੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ। ਇਹ ਘਟਨਾ ਸਰੀ ਦੇ ਇਕ ਹਾਈ ਸਕੂਲ ਦੀ ਪਾਰਕਿੰਗ ਵਿਚ 18 ਸਾਲਾ ਭਾਰਤੀ ਮੂਲ ਦੇ ਮਹਿਕਪ੍ਰੀਤ ਸੇਠੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਕੁਝ ਦਿਨ ਬਾਅਦ ਵਾਪਰੀ ਹੈ।
ਜ਼ਿਕਰਯੋਗ ਹੈ ਕਿ ਇਕ ਹਫਤੇ ਵਿਚ ਇਹ ਤੀਜੀ ਵੱਡੀ ਘਟਨਾ ਹੈ। ਕੁਝ ਦਿਨ ਪਹਿਲਾਂ ਹੀ 18 ਸਾਲਾ ਮਹਿਕਪ੍ਰੀਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਕ ਭਾਰਤੀ ਮੂਲ ਦੇ ਵਪਾਰੀ ਉਤੇ ਵੀ ਲੁੱਟ ਦੇ ਇਰਾਦੇ ਨਾਲ ਹਮਲਾ ਕੀਤਾ ਗਿਆ ਸੀ।