ਲੁਧਿਆਣਾ ਦੀ ਪਾਰਕ ‘ਚ ਮਿਲਿਆ ਘਰੋਂ ਲਾਪਤਾ ਹੋਇਆ 2 ਸਾਲ ਦਾ ਬੱਚਾ, ਚਾਚੀ ‘ਤੇ ਅਗਵਾ ਦਾ ਸ਼ੱਕ

0
263

ਲੁਧਿਆਣਾ, 15 ਨਵੰਬਰ | ਬੀਤੀ ਰਾਤ ਪੁਲਿਸ ਨੂੰ ਲੁਧਿਆਣਾ ਦੇ ਇੱਕ ਪਾਰਕ ਵਿਚ ਇੱਕ 2 ਸਾਲ ਦਾ ਬੱਚਾ ਛੱਡਿਆ ਹੋਇਆ ਮਿਲਿਆ ਹੈ। ਬੱਚੇ ਦਾ ਨਾਂ ਫਤਿਹ ਸਿੰਘ ਹੈ। ਪੁਲਿਸ ਨੇ ਉਸ ਬੱਚੇ ਦੀ ਫੋਟੋ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲੱਗਦਿਆਂ ਹੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਬੱਚੇ ਨੂੰ ਮਾਪਿਆਂ ਹਵਾਲੇ ਕਰ ਦਿੱਤਾ। ਸੀਸੀਟੀਵੀ ਚੈੱਕ ਕਰਨ ‘ਤੇ ਪਤਾ ਲੱਗਾ ਕਿ ਬੱਚੇ ਦੀ ਚਾਚੀ ਉਸ ਨੂੰ ਆਪਣੀ ਐਕਟਿਵਾ ‘ਤੇ ਘਰ ਲੈ ਗਈ।

ਇਹ ਬੱਚਾ ਕਿਸ ਹਾਲਾਤ ਵਿਚ ਅਤੇ ਕਿਵੇਂ ਪਾਰਕ ਵਿਚ ਪਹੁੰਚਿਆ, ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਬੱਚੇ ਦੀ ਚਾਚੀ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

ਜਾਣਕਾਰੀ ਦਿੰਦਿਆਂ ਬੱਚੇ ਦੇ ਪਿਤਾ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਬੱਚਾ ਕੱਲ ਦੁਪਹਿਰ ਕਰੀਬ 2.30 ਵਜੇ ਘਰੋਂ ਲਾਪਤਾ ਹੋ ਗਿਆ ਸੀ। ਸੀਸੀਟੀਵੀ ਕੈਮਰਿਆਂ ਦੀ ਸਾਰੀ ਰਿਕਾਰਡਿੰਗ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਲਾਕੇ ਦੇ ਲੋਕਾਂ ਅਤੇ ਐੱਸਐੱਚਓ ਨੇ ਕਾਫੀ ਸਹਿਯੋਗ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਦੇਰ ਸ਼ਾਮ ਪਾਰਕ ‘ਚੋਂ ਬੱਚੇ ਨੂੰ ਬਰਾਮਦ ਕੀਤਾ। ਸੀਸੀਟੀਵੀ ‘ਚ ਬੱਚੇ ਦੀ ਚਾਚੀ ਜ਼ਰੂਰ ਉਸ ਨੂੰ ਐਕਟਿਵਾ ‘ਤੇ ਲਿਜਾਂਦੀ ਹੋਈ ਨਜ਼ਰ ਆ ਰਹੀ ਹੈ ਪਰ ਪਰਿਵਾਰ ਵਿਚ ਕਿਸੇ ਕਿਸਮ ਦਾ ਕੋਈ ਝਗੜਾ ਨਹੀਂ ਹੈ।

ਘਰ ਵਿਚ ਪੂਰਾ ਪਰਿਵਾਰ ਇਕੱਠਾ ਰਹਿੰਦਾ ਹੈ। ਜਾਂਚ ਦਾ ਵਿਸ਼ਾ ਇਹ ਹੈ ਕਿ ਬੱਚਾ ਪਾਰਕ ਵਿਚ ਕਿਵੇਂ ਪਹੁੰਚਿਆ। ਬੱਚਾ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਨੇੜੇ ਮਿਲਿਆ। ਥਾਣਾ ਡਵੀਜ਼ਨ ਨੰਬਰ 3 ਦੇ ਐਸਐਚਓ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਮਾਮਲਾ ਸ਼ੱਕੀ ਹੈ। ਬੱਚਾ ਤਾਂ ਮਿਲ ਗਿਆ ਹੈ ਪਰ ਜੋ ਵੀ ਬੱਚਾ ਚੋਰੀ ਕਰਦਾ ਹੈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)