ਲੁਧਿਆਣਾ ‘ਚ 2 ਨਕਾਬਪੋਸ਼ਾਂ ਨੇ ਵਪਾਰੀ ‘ਤੇ ਹਮਲਾ ਕਰਕੇ ਕੀਤਾ ਫੱਟੜ; ਲੈਪਟਾਪ ਤੇ 6 ਲੱਖ ਲੁੱਟ ਕੇ ਫਰਾਰ

0
375

ਲੁਧਿਆਣਾ, 22 ਅਕਤੂਬਰ | ਲੁਧਿਆਣਾ ਵਿਚ 4 ਕਾਰ ਸਵਾਰ ਬਦਮਾਸ਼ਾਂ ਨੇ ਇਕ ਐਲੂਮੀਨੀਅਮ ਕਾਰੋਬਾਰੀ ਤੋਂ 6 ਲੱਖ ਰੁਪਏ ਅਤੇ ਇਕ ਲੈਪਟਾਪ ਲੁੱਟ ਲਿਆ। ਉਹ ਗਿੱਲ ਰੋਡ ‘ਤੇ ਸਥਿਤ ਆਪਣੀ ਫੈਕਟਰੀ ਤੋਂ ਵਾਪਸ ਘਰ ਆ ਰਿਹਾ ਸੀ ਕਿ ਘਰ ਦੇ ਕੋਲ ਇਕ ਕਾਰ ਰੁਕੀ। 2 ਨਕਾਬਪੋਸ਼ਾਂ ਨੇ ਕਾਰ ‘ਚੋਂ ਉਤਰ ਕੇ ਵਪਾਰੀ ‘ਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ।

ਕਾਰੋਬਾਰੀ ਸੌਰਵ ਅਗਰਵਾਲ ਦੇ ਹੱਥ ਵਿਚ 2 ਬੈਗ ਸਨ। ਬਦਮਾਸ਼ਾਂ ਨੇ ਹਮਲਾ ਕਰਕੇ ਦੋਵੇਂ ਖੋਹ ਲਏ। ਇਕ ਬੈਗ ਵਿਚ ਕਰੀਬ 6 ਲੱਖ ਰੁਪਏ ਦੀ ਨਕਦੀ ਸੀ। ਕਾਰੋਬਾਰੀ ਵਲੋਂ ਰੌਲਾ ਪਾਇਆ ਸੁਣ ਕੇ ਪਰਿਵਾਰ ਅਤੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਖੂਨ ਨਾਲ ਲੱਥਪੱਥ ਸੌਰਵ ਨੂੰ ਸੰਭਾਲਿਆ। ਉਦੋਂ ਤੱਕ ਬਦਮਾਸ਼ ਫਰਾਰ ਹੋ ਚੁੱਕੇ ਸਨ।

ਕਾਰੋਬਾਰੀ ਸੌਰਵ ਅਗਰਵਾਲ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਦੀ ਬਾਂਹ ‘ਤੇ ਟਾਂਕੇ ਲਾਏ ਹਨ। ਸੌਰਵ ਨੇ ਦੱਸਿਆ ਕਿ ਜਦੋਂ ਉਹ ਫੈਕਟਰੀ ਤੋਂ ਘਰ ਪਰਤਿਆ ਤਾਂ ਬਦਮਾਸ਼ਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਹੀ ਉਸ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਲੋਕਾਂ ਨੇ ਮੂੰਹ ‘ਤੇ ਮਾਸਕ ਪਾਏ ਹੋਏ ਸਨ। ਚੌਕੀ ਕਿਚਲੂ ਨਗਰ ਦੀ ਪੁਲਿਸ ਅਤੇ ਸੀਨੀਅਰ ਪੁਲਿਸ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਕਾਰੋਬਾਰੀ ਦੇ ਬਿਆਨ ਦਰਜ ਕੀਤੇ। ਏਡੀਸੀਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਕਾਰੋਬਾਰੀ ਸੌਰਵ ਨੇ ਪੁਲਿਸ ਨੂੰ ਦੱਸਿਆ ਹੈ ਕਿ 6 ਲੱਖ ਰੁਪਏ ਅਤੇ ਇਕ ਲੈਪਟਾਪ ਲੁੱਟ ਲਿਆ ਗਿਆ ਹੈ।