ਪੰਜਾਬ ਦੇ ਪਠਾਨਕੋਟ ਤੋਂ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਗ੍ਰਿਫ਼ਤਾਰ, 10 ਹੈਂਡ ਗ੍ਰੇਨੇਡ ਤੇ AK-47 ਬਰਾਮਦ

0
1211

ਚੰਡੀਗੜ੍ਹ . ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਨਿਵਾਸੀ ਲਸ਼ਕਰ-ਏ-ਤੋਇਬਾ (ਲਸ਼ਕਰ) ਦੇ ਦੋ ਕਾਰਕੁੰਨਾਂ ਦੀ ਗ੍ਰਿਫ਼ਤਾਰੀ ਨਾਲ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਵਾਦੀ ਵਿੱਚ ਹਥਿਆਰਾਂ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।

ਇੰਨ੍ਹਾਂ ਸ਼ੱਕੀ ਅੱਤਵਾਦੀਆਂ ਪਾਸੋਂ 10 ਹੈਂਡ ਗ੍ਰੇਨੇਡ, 1 ਏ.ਕੇ. 47 ਰਾਈਫਲ ਅਤੇ 2 ਮੈਗਜ਼ੀਨ ਅਤੇ 60 ਅਣਚੱਲੇ ਕਾਰਤੂਸ ਬਰਾਮਦ ਕੀਤੇ ਗਏ। ਸ਼ੱਕੀ ਅੱਤਵਾਦੀਆਂ ਦੀ ਪਛਾਣ ਆਮਿਰ ਹੁਸੈਨ ਵਾਨੀ (26 ਸਾਲ), ਵਾਸੀ ਹਫ਼ਸਰਮਲ ਜ਼ਿਲਾ ਸ਼ੋਪੀਆਂ ਅਤੇ ਵਸੀਮ ਹਸਨ (27 ਸਾਲ) ਵਾਸੀ ਸ਼ੋਪੀਆਂ ਵਜੋਂ ਹੋਈ ਹੈ।
ਇਨਾਂ ਦੋਵੇਂ ਅੱਤਵਾਦੀਆਂ ਨੂੰ ਪਠਾਨਕੋਟ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੋ ਆਟੋਮੈਟਿਕ ਹਥਿਆਰਾਂ ਅਤੇ ਹੈਂਡ ਗ੍ਰਨੇਡਾਂ ਦੀ ਪੰਜਾਬ ਤੋਂ ਕਸ਼ਮੀਰ ਵਾਦੀ ਵਿੱਚ ਹਥਿਆਰਾਂ ਦੀ ਸਰਗਰਮੀ ਨਾਲ ਤਸਕਰੀ ਵਿੱਚ ਸ਼ਾਮਲ ਸਨ।
ਪਠਾਨਕੋਟ ਪੁਲਿਸ ਨੇ ਪੁਲੀਸ ਥਾਣਾ ਸਦਰ ਖੇਤਰ ਵਿੱਚ ਅੰਮ੍ਰਿਤਸਰ-ਜੰਮੂ ਹਾਈਵੇਅ ਉੱਤੇ ਇੱਕ ਨਾਕੇ ‘ਤੇ ਇੱਕ ਟਰੱਕ ਨੂੰ ਫੜਿਆ ਹੈ ਜਿਸਦਾ ਰਜਿਸਟ੍ਰੇਸ਼ਨ ਨੰਬਰ ਜੇਕੇ -03-ਸੀ -7383 ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਟਰੱਕ ਦੀ ਤਲਾਸ਼ੀ ਉਪਰੰਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ। ਮੁਲਜ਼ਮਾਂ ਨੇ ਮੁੱਢਲੀ ਜਾਂਚ ਦੌਰਾਨ ਇਹ ਖੁਲਾਸਾ ਕੀਤਾ ਕਿ ਇਸ਼ਫਾਕ ਅਹਿਮਦ ਡਾਰ ਜੋ ਜੰਮੂ ਤੇ ਕਸ਼ਮੀਰ ਵਿੱਚ ਸਿਪਾਹੀ ਰਹਿ ਚੁੱਕਿਆ ਹੈ, ਵੱਲੋਂ ਪੰਜਾਬ ਤੋਂ ਇਹ ਹਥਿਆਰਾਂ ਦੀ ਖੇਪ ਲਿਆਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਮੌਜੂਦਾ ਸਮੇਂ ਕਸ਼ਮੀਰ ਵਾਦੀ ਵਿਚ ਲਸ਼ਕਰ-ਏ-ਤੋਇਬਾ ਦਾ ਇਹ ਸਰਗਰਮ ਅੱਤਵਾਦੀ ਇਸ਼ਫਾਕ ਡਾਰ ਸਾਲ 2017 ਵਿਚ ਪੁਲਿਸ ਵਿੱਚੋਂ ਭਗੌੜਾ ਹੋ ਗਿਆ ਸੀ।
ਗ੍ਰਿਫ਼ਤਾਰ ਕੀਤੇ ਗਏ ਦੋਹਾਂ ਅੱਤਵਾਦੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਨੇੜੇ ਮਕਬੂਲਪੁਰ-ਵਾਲਾ ਰੋਡ ‘ਤੇ ਅੱਜ ਸਵੇਰੇ ਦੋ ਅਣਪਛਾਤੇ ਵਿਅਕਤੀਆਂ ਤੋਂ ਇਹ ਖੇਪ ਪ੍ਰਾਪਤ ਕੀਤੀ ਸੀ। ਖੇਪ ਨੂੰ ਟਰੱਕ ਵਿਚ ਖੇਪ ਨੂੰ ਲੁਕਾ ਦਿੱਤਾ ਸੀ ਜਿਸਨੂੰ ਉਹ ਦਿਖਾਵੇ ਦੇ ਤੌਰ ‘ਤੇ ਅੰਮ੍ਰਿਤਸਰ ਦੀ ਸਬਜ਼ੀ ਮੰਡੀ ‘ਚੋਂ ਫਲ ‘ਤੇ ਸਬਜ਼ੀਆਂ ਲੱਦਣ ਦੇ ਉਦੇਸ਼ ਨਾਲ ਲੈ ਕੇ ਗਏ ਸਨ।
ਆਮਿਰ ਹੁਸੈਨ ਵਾਨੀ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਆਪਣੇ ਟਰੱਕ ਵਿਚ ਪੰਜਾਬ ਦੇ ਪਿਛਲੇ ਗੇੜਿਆਂ ਦੌਰਾਨ ਆਪਣੇ ਸੰਚਾਲਕਾਂ ਇਸ਼ਫਾਕ ਅਹਿਮਦ ਡਾਰ ਅਤੇ ਡਾ. ਰਮੀਜ਼ ਰਾਜਾ, ਜੋ ਇਸ ਸਮੇਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਰਕੇ ਜੰਮੂ-ਕਸ਼ਮੀਰ ਦੀ ਇਕ ਜੇਲ੍ਰ ਵਿਚ ਬੰਦ ਹਨ, ਦੇ ਇਸ਼ਾਰੇ ‘ਤੇ 20 ਲੱਖ ਰੁਪਏ ਦੀ ਹਵਾਲਾ ਮਨੀ ਇਕੱਠੀ ਕੀਤੀ ਹੈ।
ਆਮਿਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਅੰਮ੍ਰਿਤਸਰ ਦੀਆਂ ਪਿਛਲੀਆਂ ਯਾਤਰਾਵਾਂ ਦੌਰਾਨ ਉਸਨੇ ਦੋ ਹਥਿਆਰਬੰਦ ਹਿਜ਼ਬੁਲ ਮੁਜਾਹਿਦੀਨ ਅਤੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਪੰਜਾਬ ਤੋਂ ਵਾਦੀ ਲਿਆਂਦਾ ਸੀ। ਇਤਫਾਕਨ, ਦੋਵੇਂ ਆਦਮੀ ਹੁਣ ਮਰ ਚੁੱਕੇ ਹਨ।