ਅਬੋਹਰ ‘ਚ ਨਸ਼ੇ ਦੀ ਓਵਰਡੋਜ਼ ਨਾਲ 2 ਸਕੇ ਭਰਾਵਾਂ ਦੀ ਮੌਤ; ਨਾਲੇ ‘ਚੋਂ ਮਿਲੀਆਂ ਦੋਵੇਂ ਲਾਸ਼ਾਂ

0
1689

ਅਬੋਹਰ, 16 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਤੇਲੂਪੁਰਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਦੀ ਬੀਤੀ ਰਾਤ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾਂ ਸੇਮ ਨਾਲੇ ਵਿਚੋਂ ਬਰਾਮਦ ਹੋਈਆਂ। ਇਸ ਮਾਮਲੇ ‘ਚ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਦੋਵੇਂ ਭਰਾਵਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਅਤੇ ਪਿਤਾ ਦੇ ਬਿਆਨਾਂ ‘ਤੇ ਜਾਂਚ ਕੀਤੀ ਜਾ ਰਹੀ ਹੈ।

ਮ੍ਰਿਤਕ ਦੇ ਪਿਤਾ ਓਮ ਪ੍ਰਕਾਸ਼ ਨੇ ਦੱਸਿਆ ਕਿ ਉਸ ਦੇ ਦੋਵੇਂ ਲੜਕੇ ਕੱਲ੍ਹ ਸਿਵਲ ਹਸਪਤਾਲ ਦਵਾਈ ਲੈਣ ਲਈ ਗਏ ਸਨ ਪਰ ਸ਼ਾਮ ਨੂੰ ਘਰ ਵਾਪਸ ਨਹੀਂ ਪਰਤੇ। ਗੁਆਂਢੀਆਂ ਨੇ ਕਿਹਾ ਕਿ ਦੋਵੇਂ ਡਰੇਨ ਦੇ ਕੋਲ ਪਏ ਹਨ। ਦੋਵੇਂ ਲੜਕੇ ਪਿਛਲੇ 10 ਸਾਲਾਂ ਤੋਂ ਨਸ਼ੇ ਦੇ ਆਦੀ ਸਨ, ਜਿਸ ਕਾਰਨ ਉਹ ਨਸ਼ਾ ਛੱਡਣ ਲਈ ਸਿਵਲ ਹਸਪਤਾਲ ਤੋਂ ਦਵਾਈ ਲੈਣ ਜਾਂਦੇ ਸਨ। ਮਰਨ ਵਾਲਿਆਂ ਵਿਚੋਂ ਇਕ ਦਿੱਲੀ ਵਿਚ ਟੈਕਨੀਕਲ ਇੰਜੀਨੀਅਰ ਸੀ ਅਤੇ ਦੂਜਾ ਕੰਪਿਊਟਰ ਦੀ ਦੁਕਾਨ ਚਲਾਉਂਦਾ ਸੀ।

ਜਾਣਕਾਰੀ ਮੁਤਾਬਕ ਅੱਜ ਲੋਕਾਂ ਨੇ ਸੇਮ ਨਾਲੇ ਨੇੜੇ 2 ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਖੂਈਆਂ ਸਰਵਰ ਦੇ ਇੰਚਾਰਜ ਪਰਮਜੀਤ ਸਿੰਘ ਮੌਕੇ ‘ਤੇ ਪਹੁੰਚੇ। ਦੋਵਾਂ ਨੌਜਵਾਨਾਂ ਦੀ ਪਛਾਣ 25 ਸਾਲਾ ਰਾਹੁਲ ਅਤੇ 26 ਸਾਲਾ ਸੁਸ਼ੀਲ ਕੁਮਾਰ ਵਜੋਂ ਹੋਈ ਹੈ। ਇਹ ਦੋਵੇਂ ਪਿੰਡ ਤੇਲੂਪੁਰਾ ਦੇ ਰਹਿਣ ਵਾਲੇ ਸਨ। ਥਾਣਾ ਸਦਰ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।