ਭਤੀਜੇ ਲਈ ਡਾਈਪਰ ਲੈਣ ਗਏ 16 ਸਾਲ ਦੇ ਸਰਤਾਜ ਦੀ ਕਰੰਟ ਲੱਗਣ ਕਾਰਨ ਮੌਤ, ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਕੀਤਾ ਇਨਕਾਰ

0
333

ਜਲੰਧਰ | ਪੁਰਾਣੀ ਰੇਲਵੇ ਰੋਡ ‘ਤੇ ਸਥਿਤ ਮਹਾਰਾਜਾ ਹੋਟਲ ਨੇੜੇ ਸ਼ਨੀਵਾਰ ਰਾਤ ਕਰੀਬ 11 ਵਜੇ ਇਕ 16 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰਤਾਜ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਮੁਹੱਲਾ ਬਾਗ ਕਰਮਾ ਬਖਸ਼ ਵਜੋਂ ਹੋਈ ਹੈ। ਸਰਤਾਜ ਆਪਣੇ ਭਤੀਜੇ ਲਈ ਡਾਇਪਰ ਲੈਣ ਗਿਆ ਸੀ।

ਵਾਪਸ ਆਉਂਦੇ ਸਮੇਂ ਉਸਦੀ ਐਕਟਿਵਾ ਖੰਭੇ ਨਾਲ ਟਕਰਾ ਗਈ। ਸਰਤਾਜ ਦੇ ਸਰੀਰ ‘ਤੇ ਕੋਈ ਸੱਟ ਨਹੀਂ ਸੀ। ਉਸ ਦੇ ਹੱਥ-ਪੈਰ ਨੀਲੇ ਹੋ ਗਏ ਸਨ, ਜਿਸ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ। ਸੂਚਨਾ ਮਿਲਦੇ ਹੀ ਪਰਿਵਾਰ ਵਾਲੇ ਸਿਵਲ ਹਸਪਤਾਲ ਪੁੱਜੇ।

ਜਦੋਂ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣਾ ਚਾਹਿਆ ਤਾਂ ਪਿਤਾ ਤਰਸੇਮ ਲਾਲ ਤੇ ਸਬ ਇੰਸਪੈਕਟਰ ਜਸਵਿੰਦਰ ਸਿੰਘ ਵਿਚਾਲੇ ਇਸ ਗੱਲ ਨੂੰ ਲੈ ਕੇ ਕਾਫੀ ਬਹਿਸ ਹੋ ਗਈ ਕਿ ਉਹ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ।

ਸੂਚਨਾ ਮਿਲਣ ‘ਤੇ ਸਬ-ਇੰਸਪੈਕਟਰ ਜਸਵਿੰਦਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਗੁਰਪਾਲ ਸਿੰਘ ਬਿਜਲੀ ਬੰਦ ਕਰਕੇ ਪਾਣੀ ‘ਚ ਉਤਰ ਗਏ। ਬੱਚੇ ਨੂੰ ਉਸ ਦੀ ਸਰਕਾਰੀ ਗੱਡੀ ਵਿੱਚ ਸਿਵਲ ਹਸਪਤਾਲ ਪਹੁੰਚਾਇਆ ਗਿਆ। ਰਾਤ 12 ਵਜੇ ਪਰਿਵਾਰ ਨੇ ਦੱਸਿਆ ਕਿ ਸਰਤਾਜ ਨੇ ਸਰਕਾਰੀ ਸਕੂਲ ਲਾਡੋਵਾਲੀ ਰੋਡ ਤੋਂ ਅਜੇ 10ਵੀਂ ਜਮਾਤ ਪਾਸ ਕੀਤੀ ਸੀ ਅਤੇ ਉਹ 11ਵੀਂ ਜਮਾਤ ਵਿੱਚ ਪੜ੍ਹਦਾ ਸੀ।