16 ਸਾਲ ਦੀ ਬੇਟੀ ਨੇ ਕੀਤੀ ਮਾਂ ਦੀ ਹੱਤਿਆ, ਪ੍ਰੇਮੀ ਵੀਡੀਓ ਕਾਲ ‘ਤੇ ਦੱਸਦਾ ਰਿਹਾ ਤਰੀਕਾ, ਪਹਿਲਾਂ ਦਿੱਤੀਆਂ ਨੀਂਦ ਦੀਆਂ ਗੋਲੀਆਂ, ਫਿਰ ਚੁੰਨੀ ਨਾਲ ਘੁੱਟਿਆ ਗਲ਼ਾ

0
1605

25 ਦਿਨ ਪਹਿਲਾਂ ਹੋਈ ਔਰਤ ਦੀ ਹੱਤਿਆ ਦੀ ਸੁਲਝੀ ਗੁੱਥੀ, ਪੁਲਿਸ ਨੇ 2 ਆਰੋਪੀਆਂ ਨੂੰ ਕੀਤਾ ਗ੍ਰਿਫਤਾਰ

ਫਰੀਦਾਬਾਦ | ਸਥਾਨਕ ਡਬੂਆ ਇਲਾਕੇ ਦੀ ਉੜੀਆ ਕਾਲੋਨੀ ‘ਚ ਕਰੀਬ 25 ਦਿਨ ਪਹਿਲਾਂ ਹੋਈ ਔਰਤ ਦੀ ਹੱਤਿਆ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਰਡਰ ਕੇਸ ਦੀ ਸਨਸਨੀਖੇਜ਼ ਕਹਾਣੀ ਸਾਹਮਣੇ ਆਈ ਹੈ।

ਔਰਤ ਦੀ ਹੱਤਿਆ ਕਿਸੇ ਹੋਰ ਨੇ ਨਹੀਂ, ਬਲਕਿ ਉਸ ਦੀ ਨਾਬਾਲਿਗ ਬੇਟੀ ਨੇ ਹੀ ਕੀਤੀ ਸੀ। ਬੇਟੀ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਮਾਂ ਨੂੰ ਮਨਜ਼ੂਰ ਨਹੀਂ ਸੀ, ਜਿਸ ਕਰਕੇ ਬੇਟੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਫਰੀਦਾਬਾਦ ਪੁਲਿਸ ਨੇ ਦੱਸਿਆ ਕਿ ਬੇਟੀ ਨੇ ਵਿਆਹ ‘ਚ ਰੁਕਾਵਟ ਬਣੀ ਮਾਂ ਸੁਧਾ (45) ਨੂੰ ਰਸਤੇ ‘ਚੋਂ ਹਟਾਉਣ ਲਈ ਪ੍ਰੇਮੀ ਨਾਲ ਮਿਲ ਕੇ ਮਾਰਨ ਦੀ ਯੋਜਨਾ ਬਣਾਈ। ਯੋਜਨਾ ਅਨੁਸਾਰ 10 ਜੁਲਾਈ ਨੂੰ 18 ਸਾਲਾ ਦੀਪਾਂਸ਼ੂ ਨੀਂਦ ਦੀਆਂ ਗੋਲੀਆਂ ਲੈ ਕੇ ਆਇਆ ਅਤੇ 16 ਸਾਲਾ ਪ੍ਰੇਮਿਕਾ ਨੂੰ ਦੇ ਦਿੱਤੀਆਂ।

ਘਰ ਜਾ ਕੇ ਉਸ ਨੇ ਨਿੰਬੂ-ਪਾਣੀ ‘ਚ ਗੋਲੀਆਂ ਮਿਲਾ ਕੇ ਮਾਂ ਨੂੰ ਪਿਲਾ ਦਿੱਤਾ। ਲੜਕੀ ਨੇ ਰਾਤ ਕਰੀਬ 12.30 ਵਜੇ ਦੀਪਾਂਸ਼ੂ ਨੂੰ ਵੀਡੀਓ ਕਾਲ ਕੀਤੀ। ਪੁਲਿਸ ਮੁਤਾਬਕ ਦੀਪਾਂਸ਼ੂ ਪ੍ਰੇਮਿਕਾ ਨੂੰ ਵੀਡੀਓ ਕਾਲ ‘ਤੇ ਹੱਤਿਆ ਦਾ ਤਰੀਕਾ ਦੱਸਦਾ ਰਿਹਾ।

ਉਹ ਬੋਲਿਆ- ਪਹਿਲਾਂ ਸਿਰਹਾਣੇ ਨਾਲ ਮੂੰਹ ਦਬਾਓ, ਫਿਰ ਚੁੰਨੀ ਨਾਲ ਗਲ਼ਾ ਦਬਾ ਦੇਣਾ। ਦੀਪਾਂਸ਼ੂ ਦੇ ਕਹਿਣ ‘ਤੇ ਲੜਕੀ ਨੇ ਪਹਿਲਾਂ ਮਾਂ ਦਾ ਸਿਰਹਾਣੇ ਨਾਲ ਮੂੰਹ ਦਬਾਇਆ, ਫਿਰ ਚੁੰਨੀ ਨਾਲ ਗਲ਼ਾ ਦਬਾ ਕੇ ਹੱਤਿਆ ਕਰ ਦਿੱਤੀ।

2 ਸਾਲ ਤੋਂ ਸਨ ਪ੍ਰੇਮ ਸੰਬੰਧ, ਕੋਰਟ ਨੇ ਦੋਵਾਂ ਨੂੰ ਭੇਜਿਆ ਨਾਬਾਲਿਗ ਜੇਲ

ਪੁਲਿਸ ਮੁਤਾਬਕ 10 ਜੁਲਾਈ 2021 ਨੂੰ ਡਬੂਆ ਦੀ ਉੜੀਆ ਕਾਲੋਨੀ ਨਿਵਾਸੀ ਵਿਸ਼ਾਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਰਾਤ ਨੂੰ ਕਿਸੇ ਨੇ ਉਸ ਦੀ ਮਾਂ ਸੁਧਾ ਦੀ ਹੱਤਿਆ ਕਰ ਦਿੱਤੀ ਹੈ।

ਇਸ ਤੋਂ ਬਾਅਦ ਡਬੂਆ ਥਾਣੇ ‘ਚ ਕੇਸ ਦਰਜ ਕਰਕੇ ਇਸ ਦੀ ਜਾਂਚ ਕ੍ਰਾਈਮ ਬ੍ਰਾਂਚ DLF ਨੂੰ ਸੌਂਪ ਦਿੱਤੀ ਸੀ। ਸ਼ੁਰੂਆਤੀ ਜਾਂਚ ‘ਚ ਇਹ ਕੇਸ ਬਲਾਈਂਡ ਮਰਡਰ ਲੱਗ ਰਿਹਾ ਸੀ। ਇਸ ਲਈ ਪੁਲਿਸ ਲਈ ਇਸ ਨੂੰ ਸੁਲਝਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ।

ਇਸ ਦੇ ਲਈ ਜਾਂਚ ਅਧਿਕਾਰੀ ਅਨਿਲ ਕੁਮਾਰ ਦੀ ਨਿਗਰਾਨੀ ‘ਚ ਟੀਮ ਗਠਿਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਟੀਮ ਨੇ ਹਰ ਉਹ ਪੱਖ ਜਾਂਚਿਆ, ਜੋ ਸ਼ੱਕੀ ਲੱਗ ਰਿਹਾ ਸੀ, ਜਿਸ ਤੋਂ ਬਾਅਦ ਸ਼ੱਕ ਦੀ ਸੂਈ ਮ੍ਰਿਤਕਾ ਦੀ ਬੇਟੀ ਵੱਲ ਘੁੰਮੀ।

ਟੀਮ ਨੇ ਬੁਲੰਦਸ਼ਹਿਰ ਨਿਵਾਸੀ ਆਰੋਪੀ ਦੀਪਾਂਸ਼ੂ ਨੂੰ 3 ਅਗਸਤ ਅਤੇ ਲੜਕੀ ਨੂੰ 4 ਅਗਸਤ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਪੁੱਛਗਿਛ ‘ਚ ਆਰੋਪੀ ਦੀਪਾਂਸ਼ੂ ਨੇ ਦੱਸਿਆ ਕਿ ਉਹ ਮ੍ਰਿਤਕਾ ਸੁਧਾ ਦੀ ਨਾਬਾਲਿਗ ਬੇਟੀ ਨਾਲ 2 ਸਾਲ ਤੋਂ ਪਿਆਰ ਕਰਦਾ ਸੀ ਅਤੇ ਦੋਵੇਂ ਵਿਆਹ ਕਰਨਾ ਚਾਹੁੰਦੇ ਸਨ ਪਰ ਸੁਧਾ ਉਨ੍ਹਾਂ ਦੇ ਰਿਸ਼ਤੇ ਦੇ ਖਿਲਾਫ ਸੀ।

ਇਸ ਕਰਕੇ ਦੋਵਾਂ ਨੇ ਮਿਲ ਕੇ ਸੁਧਾ ਨੂੰ ਮਾਰਨ ਦੀ ਯੋਜਨਾ ਬਣਾਈ ਤੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦੋਵਾਂ ਆਰੋਪੀਆਂ ਨੂੰ ਬੁੱਧਵਾਰ ਅਦਾਲਤ ‘ਚ ਪੇਸ਼ ਕੀਤਾ, ਜਿਥੋਂ ਆਰੋਪੀ ਦੀਪਾਂਸ਼ੂ ਨੂੰ ਜੇਲ ਭੇਜ ਦਿੱਤਾ ਗਿਆ, ਜਦਕਿ ਆਰੋਪੀ ਲੜਕੀ ਨੂੰ ਕਰਨਾਲ ਨਾਬਾਲਿਗ ਜੇਲ ਭੇਜ ਦਿੱਤਾ ਗਿਆ।