ਸ੍ਰੀ ਮੁਕਤਸਰ ਸਾਹਿਬ . ਸ਼ਹਿਰ ਵਿਚ ਅੱਜ ਨਵੇਂ 15 ਪਾਜੀਟਿਵ ਕੇਸ ਸਾਹਮਣੇ ਆਏ ਹਨ ਤੇ ਜ਼ਿਲ੍ਹੇ ‘ਚ ਹੁਣ ਮਰੀਜਾਂ ਦੀ ਗਿਣਤੀ 64 ‘ਤੇ ਪੁੱਜ ਗਈ ਹੈ ਪਰ ਪਿਛਲੇ ਦਿਨੀਂ ਪਾਜੇਟਿਵ ਆਏ ਮਰੀਜ਼ਾਂ ‘ਚੋਂ ਇਕ ਫਰੀਦਕੋਟ ਨਾਲ ਸਬੰਧਿਤ ਹੈ ਜਿਸਨੂੰ ਫਰੀਦਕੋਟ ਤਬਦੀਲ ਕਰ ਦਿੱਤਾ ਹੈ। ਭਾਵੇਂ ਕਿ ਬੀਤੇ ਕੱਲ੍ਹ 34 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਸੀ ਜਿਸ ਸਦਕਾ ਸਿਹਤ ਵਿਭਾਗ ਅਤੇ ਜ਼ਿਲ੍ਹੇ ਦੇ ਲੋਕਾਂ ਨੂੰ ਕੁੱਝ ਰਾਹਤ ਮਹਿਸੂਸ ਹੋਈ ਪਰ ਮੰਗਲਵਾਰ ਨੂੰ ਨਵੇਂ 15 ਕੇਸ ਪਾਜ਼ੇਟਿਵ ਆਉਣ ਨਾਲ ਲੋਕਾਂ ਵਿਚ ਸਹਿਮ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਉਕਤ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ ਜਿਨ੍ਹਾਂ ‘ਚੋਂ 15 ਕੇਸ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ‘ਚੋਂ ਬੀਤੇ ਦਿਨੀਂ ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੋਂ ਪੰਜਾਬ ਪਰਤੇ 10 ਮਜ਼ਦੂਰਾਂ ਦੇ ਸੈਂਪਲ ਪਾਜ਼ੀਟਿਵ ਆਏ ਹਨ ਤੇ ਇਕ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ ਜੋ ਕਿ ਪਹਿਲਾਂ ਤੋਂ ਹੀ ਕੁਆਰਨਟਾਇਨ ਕੀਤਾ ਗਿਆ ਹੈ।
ਜਦਕਿ ਇਨ੍ਹਾਂ ਪਾਜ਼ੀਟਿਵ ਕੇਸਾਂ ‘ਚ ਦੋ ਪੁਲਿਸ ਮੁਲਾਜ਼ਮ ਸ਼ਾਮਲ ਹਨ ਜੋ ਇਸ ਸਮੇਂ ਮਲੋਟ ਵਿਖੇ ਤਾਇਨਾਤ ਹਨ। ਇਸੇ ਤਰ੍ਹਾਂ ਜ਼ਿਲ੍ਹੇ ਦੇ ਪਿੰਡ ਦੌਲਾ ਦਾ ਵਸਨੀਕ ਜੋ ਕਿ ਚੰਡੀਗੜ੍ਹ ਪੁਲਿਸ ‘ਚ ਤਾਇਨਾਤ ਹੈ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਨ੍ਹਾਂ ਪਾਜ਼ੇਟਿਵ ਪਾਏ ਗਏ ਸੈਂਪਲਾਂ ‘ਚੋਂ ਇਕ ਸੈਂਪਲ 1 ਸਾਲਾ ਬੱਚੀ ਦਾ ਵੀ ਹੈ। ਇਸਤੋਂ ਇਲਾਵਾ ਸ਼ਹਿਰ ਦੇ ਬਠਿੰਡਾ ਰੋਡ ਨਿਵਾਸੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਜਿਸਦਾ ਯਾਤਰਾ ਦਾ ਕੋਈ ਇਤਿਹਾਸ ਨਹੀਂ ਹੈ। ਓਧਰ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਵਧਾਉਂਦਿਆਂ ਹੋਇਆਂ ਮੁਕਤਸਰ ਦੇ ਦੋ ਖੇਤਰਾਂ ਤੇ ਡੋਹਕ ਪਿੰਡ ਤੋਂ ਬਾਅਦ ਹੁਣ ਦੋਦਾ ਤੇ ਕਾਉਣੀ ਵੀ ਕੰਟੈਨਮੈਂਟ ਅਤੇ ਬੱਫਰ ਜ਼ੋਨ ਐਲਾਨੇ ਭਾਵ ਸੀਲ ਕਰ ਦਿੱਤੇ ਗਏ ਹਨ। ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਸੈਂਪਲ ਪਾਜ਼ੇਟਿਵ ਪਾਏ ਗਏ ਹਨ ਇਨ੍ਹਾਂ ਨੂੰ ਕੋਵਿਡ-19 ਹਸਪਤਾਲ ‘ਚ ਆਈਸੋਲੇਟ ਕਰ ਦਿੱਤਾ ਗਿਆ ਹੈ।