ਮੋਗਾ | ਇਕ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਕੁੜੀ ਦਾ ਨੌਜਵਾਨ ਨਾਲ ਚੱਲ ਰਿਹਾ ਝਗੜਾ ਸੁਲਝਾਉਣ ਦੇ ਨਾਂ ‘ਤੇ ਲੱਖਾਂ ਰੁਪਏ ਠੱਗਣ ਦੇ ਦੋਸ਼ ਵਿਚ ਥਾਣੇਦਾਰ ਸਣੇ 4 ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਝਗੜਾ ਸੁਲਝਾਉਣ ਦੇ ਨਾਂ ‘ਤੇ ਥਾਣੇਦਾਰ ਸਮੇਤ 4 ਲੋਕਾਂ ਨੇ ਉਸ ਤੋਂ 15 ਲੱਖ 50 ਹਜ਼ਾਰ ਰੁਪਏ ਹੜੱਪ ਲਏ ਪਰ ਨਾ ਤਾਂ ਕੁੜੀ ਨਾਲ ਸਮਝੌਤਾ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰਨ ‘ਤੇ ਜਾਂਚ ਤੋਂ ਬਾਅਦ ਚਾਰਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਪੁਸ਼ਪਿੰਦਰ ਸਿੰਘ ਪੱਪੀ ਵਾਸੀ ਪਿੰਕ ਸਿਟੀ ਮੋਗਾ, ਹਰਦੀਪ ਸਿੰਘ ਵਾਸੀ ਮੋਹਾਲੀ ਹਾਲ ਅਬਾਦ ਗਰੀਨ ਕਾਲੋਨੀ ਘੱਲ ਕਲਾਂ, ਰਾਕੇਸ਼ ਕੁਮਾਰ ਵਾਸੀ ਮੋਗਾ, ਦਰਸ਼ਨ ਸਿੰਘ ਸਾਬਕਾ ਸਰਪੰਚ ਪਿੰਡ ਥਰਾਜ ਨੇ ਭਰੋਸਾ ਦਿਵਾਇਆ ਕਿ ਉਹ ਕੁੜੀ ਨਾਲ ਉਸ ਦਾ ਸਮਝੌਤਾ ਕਰਵਾ ਦੇਣਗੇ। ਇਸ ਬਦਲੇ ਉਸ ਤੋਂ 15 ਲੱਖ 50 ਹਜ਼ਾਰ ਰੁਪਏ ਮੰਗੇ।
ਉਸ ਵੱਲੋਂ ਉਕਤ ਚਾਰਾਂ ਲੋਕਾਂ ਨੂੰ 13 ਲੱਖ ਰੁਪਏ ਬੈਂਕ ਦੇ ਚੈੱਕ ਰਾਹੀਂ ਦਿੱਤੇ ਗਏ, ਜਦਕਿ ਢਾਈ ਲੱਖ ਨਕਦ ਦਿੱਤੇ ਗਏ। ਰੁਪਏ ਦੇਣ ਦੇ ਬਾਵਜੂਦ ਉਕਤ ਚਾਰਾਂ ਨੇ ਕੁੜੀ ਨਾਲ ਸਮਝੌਤਾ ਨਹੀਂ ਕਰਵਾਇਆ ਅਤੇ ਨਾ ਹੀ ਰੁਪਏ ਵਾਪਸ ਕੀਤੇ। ਜਦਕਿ 23 ਜਨਵਰੀ ਨੂੰ ਉਸ ਦਾ ਵਿਆਹ ਤਲਵੰਡੀ ਭਾਈ ਦੇ ਪੈਲੇਸ ਵਿਚ ਹੋਣਾ ਸੀ, ਅਜਿਹੇ ਵਿਚ ਕੁੜੀ ਨੇ ਪਹਿਲਾਂ ਹੀ ਉਸ ਵਿਚ ਰੁਕਾਵਟ ਪਾ ਦਿੱਤੀ।
ਥਾਣਾ ਸਦਰ ਦੇ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਤ ਨਗਰ ਮੋਗਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ 24 ਜਨਵਰੀ 2023 ਨੂੰ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਉਸਦਾ ਲੁਧਿਆਣਾ ਦੀ ਰਹਿਣ ਵਾਲੀ ਇਕ ਕੁੜੀ ਨਾਲ ਝਗੜਾ ਚੱਲ ਰਿਹਾ ਸੀ। ਔਰਤ ਨੇ ਦੋਸ਼ ਲਾਇਆ ਸੀ ਕਿ 2017 ‘ਚ ਮੰਗਣੀ ਹੋਣ ਤੋਂ ਬਾਅਦ ਉਸ ਨਾਲ ਸਰੀਰਕ ਸਬੰਧ ਬਣਾਏ ਪਰ ਉਸ ਨਾਲ ਵਿਆਹ ਨਹੀਂ ਕਰਵਾਇਆ।
ਉਸ ਖਿਲਾਫ 26 ਜਨਵਰੀ ਨੂੰ ਵਿਆਹ ਕਰਨ ਦੇ ਨਾਂ ‘ਤੇ ਧੋਖਾ ਦੇਣ ਤੇ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰਵਾ ਦਿੱਤਾ, ਜਿਸ ਨਾਲ ਉਸ ਦਾ ਵਿਆਹ ਵੀ ਰੁਕ ਗਿਆ। ਪੁਲਿਸ ਵੱਲੋਂ ਉਸ ਦੀ ਸ਼ਿਕਾਇਤ ‘ਤੇ ਪੁਲਿਸ ਇੰਸਪੈਕਟਰ ਪੁਸ਼ਪੇਂਦਰ ਸਿੰਘ ਪੱਪੀ ਸਣੇ ਚਾਰਾਂ ਖਿਲਾਫ ਧਾਰਾ 420, 406 ਤੇ ਕੁਰੱਪਸ਼ਨ ਐਕਟ ਤਹਿਤ ਕੇਸ ਦਰਜ ਕਰ ਲਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਪੁਲਿਸ ਇੰਸਪੈਕਟਰ ਪੁਸ਼ਪੇਂਦਰ ਸਿੰਘ ਪੱਪੀ ਮੋਗਾ ਪੁਲਿਸ ਲਾਈਨ ਵਿਚ ਤਾਇਨਾਤ ਹੈ, ਜਦਕਿ ਰਾਕੇਸ਼ ਕੁਮਾਰ ਉਸ ਦਾ ਮੁਨੀਮ ਹੈ।