ਮਾਨਸਾ ਦੇ 15 ਪਰਿਵਾਰ ਪ੍ਰਵਾਸੀਆਂ ਵਾਂਗੂੰ ਘਰਾਂ ਨੂੰ ਤਾਲੇ ਛੱਡ ਰਹੇ ਪੰਜਾਬ, ਪੜ੍ਹੋ ਵਜ੍ਹਾ

0
527

ਮਾਨਸਾ, 30 ਸਤੰਬਰ | ਜ਼ਿਲੇ ਦੇ 15 ਪਰਿਵਾਰ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਆਪਣੇ ਬੱਚਿਆਂ ਸਮੇਤ ਰਾਜਸਥਾਨ ਵਿਚ ਰਹਿਣ ਲਈ ਚਲੇ ਗਏ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਨਰਮਾ ਨਹੀਂ ਬੀਜਿਆ ਗਿਆ, ਜਿਸ ਕਾਰਨ ਉਹ ਮਜ਼ਦੂਰੀ ਕਰਨ ਲਈ ਰਾਜਸਥਾਨ ਜਾ ਰਹੇ ਹਨ।

ਪੰਜਾਬ ਵਿਚ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਮੌਜੂਦਗੀ ਕਾਰਨ ਇੱਥੋਂ ਦੇ ਕਿਸਾਨ ਨਰਮੇ ਦੀ ਫ਼ਸਲਾਂ ਦੀ ਬਿਜਾਈ ਨਹੀਂ ਕਰ ਰਹੇ ਅਤੇ ਝੋਨਾ ਲਗਾ ਰਹੇ ਹਨ। ਇਸ ਵਾਰ ਮਾਨਸਾ ਜ਼ਿਲੇ ਵਿਚ ਨਰਮੇ ਦੀ ਬਿਜਾਈ ਘੱਟ ਹੋਣ ਕਾਰਨ ਪਿੰਡਾਂ ਦੇ ਲੋਕ ਪ੍ਰਵਾਸੀ ਮਜ਼ਦੂਰਾਂ ਵਾਂਗ ਪੰਜਾਬ ਛੱਡ ਕੇ ਘਰਾਂ ਨੂੰ ਤਾਲੇ ਲਾ ਕੇ ਆਪਣੇ ਬੱਚਿਆਂ ਸਮੇਤ ਰਾਜਸਥਾਨ ਵਿਚ ਨਰਮੇ ਦੀ ਵਾਢੀ ਕਰਨ ਚਲੇ ਗਏ ਹਨ।

ਮਾਨਸਾ ਜ਼ਿਲੇ ਦੇ ਪਿੰਡ ਨੰਗਲ ਕਲਾਂ ਤੋਂ 15 ਪਰਿਵਾਰ ਅੱਜ ਰਾਜਸਥਾਨ ਲਈ ਰਵਾਨਾ ਹੋ ਗਏ ਹਨ। ਇਨ੍ਹਾਂ ਵਿਚੋਂ ਕੇਵਲ ਸਿੰਘ, ਗੁਰਜੰਟ ਸਿੰਘ, ਮਿੱਠੂ ਸਿੰਘ ਅਤੇ ਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਵਿਚ ਨਰਮੇ ਦੀ ਖੇਤੀ ਵਧਣ ਕਾਰਨ ਉਨ੍ਹਾਂ ਦਾ ਪੂਰਾ ਪਰਿਵਾਰ ਨਰਮਾ ਚੁੱਗਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਨਰਮੇ ਦੀ ਬਿਜਾਈ ਨਾ ਹੋਣ ਕਾਰਨ ਉਹ ਬੇਰੁਜ਼ਗਾਰ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਘਟੀਆ ਬੀਜ ਅਤੇ ਕੀਟਨਾਸ਼ਕਾਂ ਦੀ ਉਪਲਬਧਤਾ ਕਾਰਨ ਕਿਸਾਨ ਨਰਮੇ ਦੀ ਬਿਜਾਈ ਨਹੀਂ ਕਰ ਰਹੇ, ਜਿਸ ਕਾਰਨ ਅੱਜ ਉਹ ਮਜ਼ਦੂਰੀ ਲਈ ਰਾਜਸਥਾਨ ਜਾਣ ਲਈ ਮਜਬੂਰ ਹਨ।