ਕਰਫਿਊ ਦੇ 12 ਦਿਨ ਬੀਤੇ, ਪਿੰਡਾਂ ਤੱਕ ਨਹੀਂ ਪਹੁੰਚੀ ਕੋਈ ਸਰਕਾਰੀ ਮਦਦ

0
959

ਸਰਕਾਰੀ ਮਦਦ ਤੋਂ ਵਾਂਝੇ ਪਿੰਡਾਂ ਦੇ ਸਰਪੰਚਾਂ ਨੇ ਵਿਧਾਇਕ ਤੇ ਸਰਕਾਰੀ ਪ੍ਰਬੰਧਾ ਨੂੰ ਕੋਸਿਆ

ਗੁਰਪ੍ਰੀਤ ਡੈਨੀ | ਜਲੰਧਰ

ਪੰਜਾਬ ‘ਚ ਕਰਫਿਊ ਲੱਗੇ 12 ਦਿਨ ਹੋ ਚੁੱਕੇ ਹਨ, ਪਰ ਬਲਾਕ ਆਦਮਪੁਰ ਦੇ ਪਿੰਡ ਸਰਕਾਰੀ ਮਦਦ ਤੋਂ ਵਾਂਝੇ ਹਨ। ਬਲਾਕ ਆਦਮਪੁਰ ਦੀ ਹੱਦ ਅੰਦਰ ਕਰੀਬ 70 ਪਿੰਡ ਆਉਂਦੇ ਹਨ। ਪਿੰਡਾਂ ਦੇ ਸਰਪੰਚਾ ਦਾ ਕਹਿਣਾ ਹੈ ਕਿ ਨਾ ਵਿਧਾਇਕ ਤੇ ਨਾ ਹੀ ਕੋਈ ਸਰਕਾਰੀ ਆਗੂ ਉਨ੍ਹਾਂ ਦੀ ਮਦਦ ਲਈ ਅੱਗੇ ਆਇਆ ਹੈ।

ਅਸੀਂ ਕਈ ਪਿੰਡਾ ਦੇ ਸਰਪੰਚਾਂ ਨਾਲ ਗੱਲ ਕੀਤੀ ਕੀ ਉਹ ਆਪਣੇ ਪਿੰਡ ਵਾਸੀਆਂ ਦੀ ਭੁੱਖ ਮਿਟਾਉਣ ਲਈ ਕੀ ਉਪਰਾਲੇ ਕਰ ਰਹੇ ਹਨ ਤਾਂ ਸਾਰੇ ਸਰਕਾਰੀ ਦਾਅਵੇ ਹਵਾ ਹੋ ਗਏ। ਆਦਮਪੁਰ ਬਲਾਕ ਦੀ ਬੀਡੀਓ ਕੁਲਦੀਪ ਕੌਰ ਕੱਕੜ ਨੇ ਦੱਸਿਆ ਕਿ ਉਨ੍ਹਾਂ ਦੇ ਅੰਡਰ 70 ਪਿੰਡ ਹਨ ਅਤੇ ਕਿਸੇ ਵੀ ਪਿੰਡ ਵਿੱਚ ਹਾਲੇ ਤੱਕ ਰਾਸ਼ਨ ਮਹੁੱਇਆ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਪਿੰਡਾਂ ਦੇ ਸਰਪੰਚਾਂ ਕੋਲੋਂ ਗਰੀਬ ਪਰਿਵਾਰਾਂ ਦੀਆਂ ਲਿਸਟਾਂ ਮੰਗਵਾਈਆਂ ਹਨ। ਜਦੋਂ ਸਰਕਾਰ ਦਾ ਕੋਈ ਵੀ ਹੁਕਮ ਆਏਗਾ ਤਾਂ ਅਸੀਂ ਲੋਕਾਂ ਨੂੰ ਰਾਸ਼ਨ ਦੇਵਾਂਗੇ।

ਝੂਠਾ ਸਾਬਤ ਹੋ ਰਿਹਾ ਹੈ ਸਰਕਾਰੀ ਦਾਅਵਾ : ਆਦਮਪੁਰ ਦੇ ਇਨ੍ਹਾਂ ਕਈ ਪਿੰਡਾਂ ਵਿਚ ਬਹੁ ਗਿਣਤੀ ਉਹ ਲੋਕ ਰਹਿੰਦੇ ਹਨ, ਜੋ ਰੋਜ਼ ਕਮਾਉਂਦੇ ਹਨ ਤੇ ਉਹੀ ਖਾਂਦੇ ਹਨ। ਹੁਣ ਲੋਕਾਂ ਦੇ ਘਰਾਂ ਵਿਚ ਰਾਸ਼ਨ ਬਿਲਕੁਲ ਖਤਮ ਹੋ ਚੁੱਕਾ ਹੈ। ਇਨ੍ਹਾਂ ਪਿੰਡਾ ਵਿੱਚ ਸਰਕਾਰੀ ਦਾਅਵਾ ਕੀ ਕੋਈ ਵੀ ਗਰੀਬ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ, ਝੂਠਾ ਸਾਬਿਤ ਹੋ ਰਿਹਾ ਹੈ।

ਸਰਪੰਚ ਰੌਕੀ ਨੇ ਕਿਹਾ ਅਜੇ ਤਕ ਸਾਡੇ ਕੋਲ ਨਹੀਂ ਪਹੁੰਚਿਆ ਰਾਸ਼ਨ

ਬਿਆਸ ਪਿੰਡ ਦੇ ਸਰਪੰਚ ਰੌਕੀ ਦਾ ਕਹਿਣਾ ਹੈ ਕਿ ਅਸੀਂ ਆਪਣੇ ਪੱਧਰ ‘ਤੇ ਲੋਕਾਂ ਨੂੰ ਰਾਸ਼ਨ ਵੰਡ ਰਹੇ ਹਾਂ। ਸਾਡੇ ਪਿੰਡ ਦੇ ਵਿੱਚ 923 ਘਰ ਹਨ ਤੇ ਆਬਾਦੀ 4000 ਹਜਾਰ ਹੈ। ਅਸੀਂ ਆਪਣੇ ਇਲਾਕੇ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਵੀ ਦੱਸ ਚੁੱਕੇ ਹਾਂ ਕਿ ਸਾਨੂੰ ਰਾਸ਼ਨ ਮਹੁੱਈਆ ਕਰਵਾਇਆ ਜਾਵੇ, ਪਰ ਕਰਫਿਊ ਲੱਗੇ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਸਾਡੇ ਕੋਲ ਕੁਝ ਨਹੀਂ ਪਹੁੰਚਿਆ।

ਸਰਪੰਚ ਅਵਤਾਰ ਸਿੰਘ ਨੇ ਕਿਹਾ-ਵਿਧਾਇਕ ਇਕ ਵਾਰ ਵੀ ਪਿੰਡ ਵਲ ਮੁੜ ਕੇ ਨਹੀਂ ਦੇਖਿਆ

ਪਿੰਡ ਕਿਸ਼ਨਪੁਰ ਦੇ ਸਰਪੰਚ ਅਵਤਾਰ ਸਿੰਘ ਭਾਟੀਆ ਨੇ ਕਿਹਾ ਕਿ ਸਾਡੇ ਪਿੰਡ ਵਿੱਚ 217 ਘਰਾਂ ਵਿੱਚ 1000 ਤੋਂ ਵੱਧ ਲੋਕ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ ਤੇ ਪਿੰਡ ਦੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡ ਰਹੇ ਹਨ। ਹਲਕੇ ਦੇ ਵਿਧਾਇਕ ਪਵਨ ਕੁਮਾਰ ਟਿੰਨੂ ਵਲੋਂ ਕੋਈ ਮਦਦ ਨਹੀਂ ਕੀਤੀ ਗਈ ਇਸ ਬਾਰੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਜਦੋਂ ਦੇ ਉਹ ਐੱਮਐੱਲਏ ਬਣੇ ਹਨ, ਉਹਨਾਂ ਨੇ ਪਿੰਡ ਦੇ ਵੱਲ ਮੁੜ ਕੇ ਵੀ ਨਹੀਂ ਦੇਖਿਆ।

ਅਰਜਨਵਾਲ ਪਿੰਡ ਦੇ ਸਰਪੰਚ ਨੇ ਕਿਹਾ- ਸਾਨੂੰ ਕਿਸੇ ਦੀ ਲੋੜ ਨਹੀਂ

ਸਰਪੰਚ ਹਰਵਿੰਦਰ ਸਿੰਘ ਗਰੇਵਾਲ ਪਿੰਡ ਅਰਜਨਵਾਲ ਨੇ ਦੱਸਿਆ ਕਿ ਕਰਫਿਊ ਲੱਗਣ ਦੇ ਪਹਿਲੇ ਦਿਨ ਤੋਂ ਅਸੀਂ ਪਿੰਡ ਲੰਗਰ ਪਕਾਉਣਾ ਸ਼ੁਰੂ ਕਰ ਦਿੱਤਾ ਸੀ। ਸਾਡੇ ਪਿੰਡੋਂ ਕੋਈ ਵੀ ਬੰਦਾ ਘਰੋਂ ਬਾਹਰ ਨਹੀਂ ਨਿਕਲਦਾ। ਲੋਕਾਂ ਦੇ ਘਰਾਂ ਵਿਚ ਲੰਗਰ ਪੁੱਜਦਾ ਕਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇੱਥੇ ਕੋਈ ਸਰਕਾਰੀ ਮਦਦ ਨਹੀਂ ਪਹੁੰਚੀ ਫਿਰ ਵੀ ਸਾਡਾ ਪਿੰਡ ਚੜਦੀ ਕਲਾ ਵਿੱਚ ਹੈ, ਸਾਨੂੰ ਕਿਸੇ ਦੀ ਕੋਈ ਲੋੜ ਨਹੀਂ।

ਪਿੰਡ ਕਰਾੜੀ ਦੇ ਸਰਪੰਚ ਰੋਜ਼ ਕਰਦੇ ਹਨ ਬੀਡੀਓ ਨੂੰ ਮਦਦ ਲਈ ਫੌਨ

ਪਿੰਡ ਕਰਾੜੀ ਦੇ ਸਰਪੰਚ ਸੁਰਿੰਦਰ ਕੁਮਾਰ ਬੰਗੜ ਨੇ ਕਿਹਾ ਕਿ ਉਹ ਰੋਜ਼ ਬੀਡੀਓ ਨਾਲ ਫੌਨ ਤੇ ਗੱਲ ਕਰਦੇ ਹਨ ਕਿ ਸਾਡੇ ਪਿੰਡ ਨੂੰ ਰਾਸ਼ਨ ਦਿੱਤਾ ਜਾਵੇ, ਪਰ ਅਜੇ ਤਕ ਕੋਈ ਵੀ ਨਹੀਂ ਬੁਹੜਿਆ। ਪਿੰਡ ਦੇ ਲੋਕਾਂ ਨੇ 50 ਹਜਾਰ ਰੁਪਇਆ ਇਕੱਠਾ ਕੀਤਾ ਹੈ, ਜਿਸ ਨਾਲ 3 ਅਪ੍ਰੈਲ ਨੂੰ ਪਿੰਡ ਵਿੱਚ ਰਾਸ਼ਨ ਵੰਡੀਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਦੀ ਇਕ ਚਰਚ ਪਿਛਲੇ ਤਿੰਨ ਦਿਨਾਂ ਤੋਂ ਸੰਸਥਾ ਦੀ ਨਿਗਰਾਨੀ ਹੇਠ ਗਰੀਬਾਂ ਨੂੰ ਰਾਸ਼ਨ ਵੰਡ ਰਹੀ ਹੈ।

ਸਰਕਾਰ ਦੇ ਕਿਸੇ ਲੀਡਰ ਨੇ ਪਿੰਡ ਕਿਸ਼ਨਗੜ੍ਹ ਦਾ ਹਾਲ ਨਹੀਂ ਪੁੱਛਿਆ

ਪਿੰਡ ਕਿਸ਼ਨਗੜ੍ਹ ਦੇ ਸਰਪੰਚ ਗੁਰਬਖ਼ਸ ਸੁਆਮੀ ਨੇ ਕਿਹਾ ਕਿ ਸਾਡੇ ਕੋਲ ਕੋਈ ਪੰਚਾਇਤੀ ਫੰਡ ਜਮ੍ਹਾ ਨਹੀਂ ਹੈ। ਸਰਕਾਰ ਦੇ ਕਿਸੇ ਵੀ ਲੀਡਰ ਨੇ ਸਾਡਾ ਹਾਲ ਨਹੀਂ ਪੁੱਛਿਆ। ਸੈਨੀਟਾਈਜ਼ਰ ਦੇ ਲਈ ਪੈਸੇ ਦਿੱਤੇ ਸਨ ਉਹ ਅਸੀਂ ਤਿੰਨ ਵਾਰ ਕਰ ਚੁੱਕੇ ਹਾਂ।

ਆਟੇ ਦੀਆਂ ਬੋਰੀਆਂ ‘ਤੇ ਕੈਪਟਨ ਦੀਆਂ ਫੋਟੋਆਂ ਲਾਉਣ ਕਰਕੇ ਲੱਗਾ ਸਮਾਂ – ਟੀਨੂੰ

ਆਦਮਪੁਰ ਹਲਕੇ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕੈਪਟਨ ਦੀਆਂ ਸੈਨੀਟਾਇਜ਼ਰ ਅਤੇ ਆਟੇ ਦੀਆਂ ਬੋਰੀਆਂ ਉਪਰ ਫੋਟੋਆਂ ਛਪਣ ਕਾਰਨ ਦੇਰੀ ਹੋ ਗਈ ਸੀ ਇਸ ਲਈ ਪਿੰਡਾਂ ਵਿਚ ਰਾਸ਼ਨ ਨਹੀਂ ਪਹੁੰਚ ਸਕਿਆ। ਪਵਨ ਟੀਨੂੰ ਨੇ ਕਿਹਾ ਮੈਂ ਆਪਣੇ ਪੱਧਰ ..ਤੇ ਲੋਕਾਂ ਨੂੰ ਰਾਸ਼ਨ ਵੰਡ ਰਿਹਾ ਹਾਂ। ਉਹਨਾਂ ਨੇ ਕਾਂਗਰਸ ਸਰਕਾਰ ਤੇ ਵਿਅੰਗ ਕੱਸਦਿਆਂ ਕਿਹਾ ਕਿ ਆਟੇ ਦੀਆਂ ਬੋਰੀਆਂ ਉੱਤੇ ਕੈਪਟਨ ਦੀ ਫੋਟੋ ਲਾ ਕੇ ਬੇਸ਼ਰਮੀ ਦੀ ਹੱਦ ਟਪਾ ਦਿੱਤੀ ਹੈ।  

ਡੀਸੀ ਨੇ ਨਹੀਂ ਚੁੱਕਿਆ ਫੋਨ

ਪਿੰਡ ਵਿਚ ਰਾਸ਼ਨ ਕਦੋਂ ਤੱਕ ਵੰਡਿਆ ਜਾਵੇਗਾ ਇਸ ਬਾਰੇ ਪੁੱਛਣ ਲਈ ਅਸੀਂ ਕਈ ਵਾਰ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੂੰ ਫੋਨ ਕੀਤਾ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ। ਜਿਲ੍ਹਾਂ ਲੋਕ ਸੰਪਰਕ ਅਫ਼ਸਰ ਮਨਵਿੰਦਰ ਸਿੰਘ ਰਾਹੀਂ ਵੀ ਡੀਸੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ। ਜਿਵੇਂ ਉਹਨਾਂ ਵੱਲੋਂ ਪਿੰਡਾਂ ਵਿਚ ਰਾਸ਼ਨ ਵੰਡਣ ਬਾਰੇ ਕੋਈ ਜਾਣਕਾਰੀ ਆਵੇਗੀ ਅਸੀਂ ਇੱਥੇ ਪਬਲਿਸ਼ ਕਰਾਂਗੇ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।