ਚੰਡੀਗੜ੍ਹ| ਪੰਜਾਬ ਸਰਕਾਰ ਵੱਲੋਂ ਬਿਰਧ ਘਰ ਮਾਨਸਾ ਅਤੇ ਬਰਨਾਲਾ ਦੀ ਉਸਾਰੀ ਲਈ ਚਾਲੂ ਵਿੱਤੀ ਸਾਲ 2023-24 ਲਈ 10.00 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇਥੇ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਓਲਡ ਏਜ ਹੋਮ ਦੀ ਸਕੀਮ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੁਆਰਾ ਚਲਾਈ ਜਾ ਰਹੀ ਹੈ।ਵਿਭਾਗ ਵੱਲੋਂ ਦਾ ਮੈਂਨਟੇਨੈਂਸ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜਨ ਐਕਟ, 2007 ਸੈਕਸ਼ਨ 19 ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੀਨੀਅਰ ਸਿਟੀਜ਼ਨ ਸਥਾਪਿਤ ਕੀਤੇ ਜਾਣੇ ਹਨ। ਇਸ ਐਕਟ ਤਹਿਤ, ਬੇਸਹਾਰਾ ਸੀਨੀਅਰ ਨਾਗਰਿਕਾਂ ਲਈ ਓਲਡ ਏਜ ਹੋਮ ਦਾ ਪ੍ਰਬੰਧਨ ਕਰਨ ਅਤੇ ਲੋੜਵੰਦ ਬਜ਼ੁਰਗਾਂ ਅਤੇ ਕਮਜ਼ੋਰਾਂ ਨੂੰ ਪਨਾਹ ਦੇਣ ਦੀ ਵਿਵਸਥਾ ਹੈ| ਬਜ਼ੁਰਗਾਂ ਦੀ ਦੇਖਤਾਲ ਕਰਨ ਤੋਂ ਇਲਾਵਾ, ਇਨ੍ਹਾਂ ਬਜ਼ੁਰਗਾਂ ਨੂੰ ਭੋਜਨ, ਕੱਪੜੇ, ਰਿਹਾਇਸ਼ ਅਤੇ ਡਾਕਟਰੀ ਸਹੂਲਤਾਂ ਵੀ ਮੁਫਤ ਪ੍ਰਦਾਨ ਕੀਤੀਆਂ ਜਾਣ ਦੀ ਵਿਵਸਥਾ ਹੈ।
ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਉਸਾਰੇ ਜਾਣ ਵਾਲੇ 3.5 ਏਕੜ (29353 ਵਰਗ ਗਜ਼) ਬਿਰਧ ਘਰ ਦੀ ਸਮਰੱਥਾ 72 ਲਾਭਪਾਤਰੀ ਲਈ 24 ਕਮਰੇ ਦਾ ਉਪਬੰਧ ਹੈ। ਇਸ ਦਾ 60 % ਕੰਮ ਮੁਕੰਮਲ ਹੋ ਚੁੱਕਾ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਵਿਖੇ ਉਸਾਰੇ ਜਾਣ ਵਾਲੇ 26 ਕਨਾਲ 17 ਮਰਲੇ (31827 ਵਰਗ ਗਜ਼) ਸੀਨੀਅਰ ਸਿਟੀਜ਼ਨ ਹੋਮ ਦੀ ਸਮਰੱਥਾ 72 ਲਾਭਪਾਤਰੀ ਲਈ 24 ਕਮਰਿਆਂ ਦਾ ਉਪਬੰਧ ਹੈ। ਇਸ ਬਿਰਧ ਘਰ ਦਾ 82 % ਕੰਮ ਮੁਕੰਮਲ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸੂਬਾ ਸਰਕਾਰ ਵੱਲੋਂ ਇਸ ਸਬੰਧੀ ਵੱਖ – ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਹਨਾਂ ਉਸਾਰੇ ਜਾਣ ਵਾਲੇ ਬਿਰਧ ਘਰਾਂ ਵਿਚ ਬਜ਼ੁਰਗਾਂ ਲਈ ਅਨੁਕੂਲ ਮਾਹੌਲ ਸਿਰਜਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਨਾਲ ਬਜ਼ੁਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।
ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਰਧ ਘਰ ਮਾਨਸਾ ਅਤੇ ਬਰਨਾਲਾ ਦੇ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਫੰਡਾਂ ਦੀ ਕੁਸ਼ਲਤਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ।