ਹਨੀਟ੍ਰੈਪ ‘ਚ ਫਸਿਆ ਭਾਰਤੀ ਵਿਗਿਆਨੀ : ਪਾਕਿਸਤਾਨ ਨੂੰ ਭੇਜਦਾ ਸੀ ਖੁਫੀਆ ਜਾਣਕਾਰੀ, ATS ਨੇ ਕੀਤਾ ਕਾਬੂ

0
518

ਮਹਾਰਾਸ਼ਟਰ| ਪਾਕਿਸਤਾਨ ਨੂੰ ਖੂਫ਼ੀਆ ਜਾਣਕਾਰੀ ਦੇਣ ਦੇ ਦੋਸ਼ ਵਿਚ ਵੀਰਵਾਰ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਇਕ ਵਿਗਿਆਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹਾਰਾਸ਼ਟਰ ਏ.ਟੀ.ਐਸ. ਨੇ ਪ੍ਰਦੀਪ ਕੁਰੂਲਕਰ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਹੈ। 

ਦੋਸ਼ ਹੈ ਕਿ ਉਸ ਨੇ ਹਨੀਟ੍ਰੈਪ ‘ਚ ਫਸ ਕੇ ਪਾਕਿਸਤਾਨ ਨੂੰ ਗੁਪਤ ਸੂਚਨਾਵਾਂ ਦਿਤੀਆਂ ਹਨ। ਏ.ਟੀ.ਐਸ. ਦੇ ਇਕ ਅਧਿਕਾਰੀ ਨੇ ਦਸਿਆ ਕਿ ਵਿਗਿਆਨੀ ਵਟਸਐਪ ਅਤੇ ਵੀਡੀਉ ਕਾਲ ਰਾਹੀਂ ਪਾਕਿਸਤਾਨੀ ਏਜੰਟ ਦੇ ਸੰਪਰਕ ਵਿਚ ਸੀ। ਏ.ਟੀ.ਐਸ. ਵਿਗਿਆਨੀ ਨੂੰ ਗ੍ਰਿਫ਼ਤਾਰ ਕਰ ਕੇ ਆਪਣੇ ਨਾਲ ਲੈ ਗਈ ਹੈ। ਉਸ ਨੂੰ ਪਾਕਿਸਤਾਨੀ ਖੂਫ਼ੀਆ ਏਜੰਸੀ ਦੇ ਹੈਂਡਲਰ ਨੇ ਹਨੀਟ੍ਰੈਪ ‘ਚ ਫਸਾਇਆ ਸੀ। 

ਏ.ਟੀ.ਐਸ. ਨੇ ਕਿਹਾ, ਵਿਗਿਆਨੀ ਨੂੰ ਪਤਾ ਸੀ ਕਿ ਜੇਕਰ ਉਸ ਦੇ ਕਬਜ਼ੇ ਵਿਚ ਅਧਿਕਾਰਤ ਗੁਪਤ ਸੂਚਨਾ ਦੁਸ਼ਮਣ ਨੂੰ ਮਿਲ ਜਾਂਦੀ ਹੈ, ਤਾਂ ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਇਸ ਦੇ ਬਾਵਜੂਦ ਉਸ ਨੇ ਜਾਣਕਾਰੀ ਦਿਤੀ। ਏ.ਟੀ.ਐਸ. ਨੇ ਅੱਗੇ ਕਿਹਾ, ਮੁੰਬਈ ਵਿਚ ਏ.ਟੀ.ਐਸ. ਦੀ ਕਾਲਾਚੌਕੀ ਯੂਨਿਟ ਵਿਚ ਅਧਿਕਾਰਤ ਸੀਕਰੇਟਸ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਇਕ ਕੇਸ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। 

ਏ.ਟੀ.ਐਸ. ਨੇ ਕਿਹਾ ਕਿ ਇਹ ਵਿਗਿਆਨੀ ਵਾਇਸ ਕਾਲ, ਵਟਸਐਪ ਮੈਸੇਜ ਅਤੇ ਵੀਡੀਉ ਰਾਹੀਂ ਪਾਕਿਸਤਾਨ ਦੀ ਖੂਫ਼ੀਆ ਏਜੰਸੀ (ਪੀ.ਆਈ.ਓ.) ਦੇ ਹੈਂਡਲਰਾਂ ਨਾਲ ਜੁੜਿਆ ਹੋਇਆ ਸੀ। ਅਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਉਨ੍ਹਾਂ ਨੇ ਦੁਸ਼ਮਣਾਂ ਨੂੰ ਖੂਫ਼ੀਆ ਜਾਣਕਾਰੀ ਦੇ ਕੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਹੈ। ਅਤਿਵਾਦ ਵਿਰੋਧੀ ਦਸਤੇ ਨੇ ਸਰਕਾਰੀ ਖੂਫ਼ੀਆ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।