ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ- ਫੋਟੋਆਂ ਦੇਖ ਕੇ ਪਰਚੇ ਪਾਏ ਜਾ ਰਹੇ ਨੇੇ ਪਰ 2 ਨੰ. ਦੇ ਅਸਲੇ ‘ਤੇ ਕੋਈ ਕੰਟਰੋਲ ਨਹੀਂ

0
146

ਮਾਨਸਾ। ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਿਦੇਸ਼ ’ਚੋਂ ਵਾਪਸ ਪਰਤ ਆਏ ਹਨ। ਐਤਵਾਰ ਨੂੰ ਫਿਰ ਪਿੰਡ ਵਾਸੀਆਂ ਤੇ ਆਏ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਰੂਬਰੂ ਹੁੰਦਿਆਂ ਬਲਕੌਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਿੱਧੂ ਵਿਦੇਸ਼ਾਂ ਤਕ ਵੀ ਪਿੰਡ ਨੂੰ ਨਾਲ ਲੈ ਕੇ ਗਿਆ ਅਤੇ ਸਿੱਧੂ ਨੂੰ ਚਾਹੁਣ ਵਾਲੇ ਵਿਦੇਸ਼ਾਂ ’ਚ ਬੈਠੇ ਲੋਕਾਂ ਦੇ ਬੱਚੇ ਵੀ ਪੰਜਾਬੀ ਬੋਲਣ ਲੱਗ ਗਏ ਹਨ।

ਉਨ੍ਹਾਂ ਗੰਨ ਕਲਚਰ ’ਤੇ ਸਖ਼ਤ ਹੁਕਮਾਂ ਬਾਅਦ ਹੋ ਰਹੇ ਪਰਚਿਆਂ ਦੇ ਸਬੰਧ ’ਚ ਕਿਹਾ ਕਿ ਅਸਲੇ ਦੇ ਲਾਇਸੈਂਸ ਲੈਣਾ, ਰੀਨਿਊ ਕਰਵਾਉਣਾ ਪਹਿਲਾਂ ਹੀ ਬਹੁਤ ਔਖਾ ਕੰਮ ਹੈ। ਜਦ ਲਾਇਸੈਂਸ ਕਿਸੇ ਵੱਲੋਂ ਲੈਣਾ ਹੁੰਦਾ ਤਾਂ ਉਨ੍ਹਾਂ ਨੂੰ ਲੱਗਦਾ ਕਿ ਉਹ ਤਾਂ 84 ਦੇ ਗੇੜ ’ਚ ਪੈ ਗਿਆ ਹੈ। ਜੇਕਰ ਦੂਜੇ ਪਾਸੇ ਦੇਖੀਏ ਤਾਂ ਬਦਮਾਸ਼ਾਂ ਕੋਲ ਪਿਸਟਲ, ਰਸ਼ੀਅਨ ਹਥਿਆਰ, ਏਕੇ 47 ਤੇ ਹੋਰ ਹਥਿਆਰ ਹਨ, ਜਿਹੜੇ ਬਹੁਤ ਖ਼ਤਰਨਾਕ ਹਨ। ਪਰ ਆਮ ਵਿਅਕਤੀਆਂ ਨੂੰ ਤਾਂ ਹੁਣ ਨਿਹੱਥਾ ਕਰਨ ਵਾਲੀ ਗੱਲ ਹੈ। ਦੋ ਨੰਬਰ ਦੇ ਅਸਲੇ ’ਤੇ ਕੋਈ ਕੰਟਰੋਲ ਨਹੀਂ ਅਤੇ ਪੰਜ-ਪੰਜ ਜਣੇ ਦੁਕਾਨਾਂ ’ਚ ਦਾਖ਼ਲ ਹੋ ਕੇ ਬੰਦਾ ਮਾਰ ਕੇ ਭੱਜ ਜਾਂਦੇ ਹਨ। ਉਨ੍ਹਾਂ ’ਤੇ ਕੋਈ ਕੰਟਰੋਲ ਨਹੀਂ ਅਤੇ ਧਿਆਨ ਨਹੀਂ। ਜਿਹੜਾ ਚਾਰ ਪੈਸਿਆਂ ਦਾ ਕੰਮ ਕਰਦਾ ਹੈ ਤਾਂ ਉਹ ਆਪਣੀ ਸੁਰੱਖਿਆ ਲਈ ਲਾਇਸੈਂਸੀ ਅਸਲਾ ਰੱਖਦਾ ਹੈ। ਫਿਰ ਇਸ ਵਿਚ ਕੀ ਹਰਜ਼ ਹੈ। ਫੋਟੋ ਦੇਖ ਕੇ ਪਰਚੇ ਪਾਉਣੇ ਚੰਗੀ ਗੱਲ ਨਹੀਂ। ਅਸਲਾ ਸੌਖਾ ਕਰਨਾ ਚਾਹੀਦਾ ਹੈ ਨਾ ਕਿ ਇਸ ’ਤੇ ਰੋਕ ਲਗਾਉਣੀ ਚਾਹੀਦੀ ਹੈ। ਨਹੀਂ ਤਾਂ ਮਾਹੌਲ ਦਿੱਤਾ ਜਾਵੇ ਅਸੀਂ ਅਸਲਾ ਜਮ੍ਹਾਂ ਕਰਵਾ ਦੇਵਾਂਗੇ। ਅਸਲੇ ’ਤੇ ਖ਼ਰਚਣ ਲਈ ਲੋਕਾਂ ਕੋਲ ਪੈਸਾ ਕਿੱਥੇ ਹੈ। ਪਰ ਆਪਣੀ ਸੁਰੱਖਿਆ ਦੇ ਕਾਰਨ ਲੈਂਦੇ ਹਨ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਸਿੱਧੂ ਜੋ ਮੇਰਾ ਬੇਟਾ ਸੀ, ਪਰ ਪੂਰੇ ਸੰਸਾਰ ਦਾ ਬੇਟਾ ਬਣ ਚੁੱਕਿਆ ਹੈ। ਉਸ ਨੇ ਕੌਮ ਦੀਆਂ ਸਮੱਸਿਆਵਾਂ, ਐੱਸਵਾਈਐੱਲ ਗੀਤ ਨਾਲ ਸਟੇਟ ਦੇ ਅਹਿਮ ਮਸਲਿਆਂ ਤੇ ਹੋਰ ਮੁੱਦਿਆਂ ਨੂੰ ਚੁੱਕਿਆ। ਉਸ ਨਾਲ ਵੱਡੀ ਗਿਣਤੀ ’ਚ ਲੋਕ ਜੁਡ਼ੇ ਹੋਏ ਹਨ। ਜਾਂਚ ’ਚ ਪੁਲਿਸ ਕੰਮ ਕਰ ਰਹੀ ਹੈ ਤੇ ਐੱਸਐੱਸਪੀ ਮਾਨਸਾ ਵੀ ਮੁਲਾਕਾਤ ਕਰ ਕੇ ਗਏ ਹਨ। ਜ਼ਿਕਰਯੋਗ ਹੈ ਕਿ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਯੂਕੇ ਗਏ ਸਨ। ਉਨ੍ਹਾਂ ਕਿਹਾ ਸੀ ਕਿ ਇਸ ਦੌਰਾਨ ਮਰਹੂਮ ਗਾਇਕ ਦੇ ਇਨਸਾਫ਼ ਲਈ ਲੜਾਈ ਜਾਰੀ ਰਹੇਗੀ।