ਲੜਕੀ ਦੀ ਨਸ਼ੇ ਦੀ ਹਾਲਤ ‘ਚ ਵੀਡੀਓ ਵਾਇਰਲ ਹੋਣ ਮਗਰੋਂ ਹਰਕਤ ‘ਚ ਆਈ ਪੁਲਿਸ, ਸਰਚ ਆਪਰੇਸ਼ਨ ਕਰ ਨਸ਼ਾ ਤਸਕਰ ਤੇ ਕਈ ਸ਼ੱਕੀ ਕੀਤੇ ਕਾਬੂ

0
317


ਅੰਮ੍ਰਿਤਸਰ। ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਲੜਕੀ ਦੀ ਨਸ਼ੇ ਦੀ ਹਾਲਤ ‘ਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਹੈ। ਪੁਲਿਸ ਨੇ ਮਕਬੂਲਪੁਰਾ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ। ਜਿਸ ਵਿੱਚ ਪੁਲਿਸ ਨੇ ਕੁੱਝ ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ।

ਜਾਣਕਾਰੀ ਮੁਤਾਬਕ ਐਤਵਾਰ ਨੂੰ ਇਕ ਲੜਕੀ ਦਾ ਵੀਡੀਓ ਵਾਇਰਲ ਹੋਇਆ ਸੀ। ਜਾਂਚ ਤੋਂ ਪਤਾ ਲੱਗਾ ਕਿ ਵੀਡੀਓ ਸ਼੍ਰੀ ਗੁਰੂ ਰਾਮਦਾਸ ਜੀ ਡੈਂਟਲ ਇੰਸਟੀਚਿਊਟ ਦੇ ਪਿੱਛੇ ਦੀ ਹੈ। ਵੀਡੀਓ ‘ਚ ਨਾ ਤਾਂ ਲੜਕੀ ਸਿੱਧੀ ਖੜ੍ਹ ਹੋ ਪਾ ਰਹੀ ਹੈ ਅਤੇ ਨਾ ਹੀ ਤੁਰ ਪਾ ਰਹੀ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਿਆ। ਮੀਡੀਆ ‘ਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਹਰਕਤ ‘ਚ ਆ ਗਿਆ ਅਤੇ ਮਕਬੂਲਪੁਰਾ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ।

ਅੰਮ੍ਰਿਤਸਰ ਪੁਲਿਸ ਅਨੁਸਾਰ ਉਨ੍ਹਾਂ ਨੂੰ ਲੜਕੀ ਬਾਰੇ ਕੁਝ ਵੀ ਨਹੀਂ ਮਿਲਿਆ ਅਤੇ ਵੀਡੀਓ ਤੋਂ ਇਹ ਸਾਬਤ ਨਹੀਂ ਹੋਇਆ ਕਿ ਲੜਕੀ ਨੇ ਕੋਈ ਟੀਕਾ ਅਤੇ ਨਸ਼ਾ ਕੀਤਾ ਸੀ, ਪਰ ਇਸ ਦੇ ਬਾਵਜੂਦ ਪੁਲਿਸ ਕਮਿਸ਼ਨਰ ਅਰੁਣ ਪਾਲ ਦੇ ਹੁਕਮਾਂ ‘ਤੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲੀਸ ਨੇ 15 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਿਨ੍ਹਾਂ ਕੋਲੋਂ ਪੁਲਿਸ ਨੇ 21,960 ਰੁਪਏ ਬਰਾਮਦ ਕੀਤੇ ਹਨ। ਇੰਨਾ ਹੀ ਨਹੀਂ ਤਿੰਨ ਨਸ਼ਾ ਤਸਕਰ ਵੀ ਫੜੇ ਗਏ, ਜਿਨ੍ਹਾਂ ਕੋਲੋਂ ਪੁਲਿਸ ਨੇ 118 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ।