ਮਾਲੇਰਕੋਟਲਾ : 7 ਸਾਲਾ ਧੀ ਨਾਲ ਪਿਓ ਨੇ ਕੀਤਾ ਜਬਰ-ਜ਼ਨਾਹ, ਪੇਟ ‘ਚ ਦਰਦ ਹੋਣ ‘ਤੇ ਸਾਹਮਣੇ ਆਈ ਸੱਚਾਈ

0
1616

ਮਾਲੇਰਕੋਟਲਾ| ਮਾਲੇਰਕੋਟਲਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਾਲੇਰਕੋਟਲਾ ਥਾਣਾ ਸਿਟੀ-2 ਦੀ ਪੁਲਿਸ ਨੇ ਆਪਣੀ 7 ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੀੜਤਾ ਦੀ ਮਾਂ ਨੇ ਪੁਲਸ ਨੂੰ ਦਰਜ ਕਰਵਾਏ ਉਕਤ ਮਾਮਲੇ ਦੇ ਆਪਣੇ ਬਿਆਨਾਂ ’ਚ ਦੱਸਿਆ ਕਿ 6 ਮਹੀਨਿਆਂ ਤੋਂ ਆਪਣੇ ਪਤੀ ਨਾਲ ਘਰੇਲੂ ਲੜਾਈ-ਝਗੜਾ ਚੱਲਦਾ ਹੋਣ ਕਾਰਨ ਮੈਂ ਆਪਣੇ ਪੇਕੇ ਘਰ ਪਿਤਾ ਮੁਹੰਮਦ ਸਲੀਮ ਕੋਲ ਰਹਿੰਦੀ ਹਾਂ। ਕਰੀਬ ਪੰਜ ਦਿਨ ਪਹਿਲਾਂ 5 ਅਪ੍ਰੈਲ 2023 ਨੂੰ ਮੈਂ ਆਪਣੀਆਂ ਦੋ ਕੁੜੀਆਂ ਨੂੰ ਆਪਣੇ ਪਤੀ ਕੋਲ ਛੱਡ ਆਈ ਸੀ।

ਦੋਵੇਂ ਕੁੜੀਆਂ ਆਪਣੇ ਪਤੀ ਮੁਹੰਮਦ ਅਕਰਮ ਨੂੰ ਸੌਂਪਣ ਉਪਰੰਤ ਮੈਂ ਉਸਨੂੰ ਸਪੱਸ਼ਟ ਦੱਸ ਦਿੱਤਾ ਸੀ ਕਿ ਅੱਜ ਤੋਂ ਬਾਅਦ ਇਨ੍ਹਾਂ ਦੋਵਾਂ ਕੁੜੀਆਂ ਦੀ ਦੇਖਭਾਲ ਤੁਸੀਂ ਖ਼ੁਦ ਕਰੋਗੇ। ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਲੰਘੀ 7 ਅਪ੍ਰੈਲ ਨੂੰ ਮੇਰੀ ਵੱਡੀ ਕੁੜੀ ਨੇ ਮੇਰੇ ਪਤੀ ਦੇ ਮੋਬਾਇਲ ਨੰਬਰ ਤੋਂ ਮੈਨੂੰ ਫੋਨ ਕਰ ਕੇ ਦੱਸਿਆ ਕਿ ਮੇਰੇ ਪੇਟ ’ਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ। ਜਿਸ ਤੋਂ ਬਾਅਦ ਮੈਂ ਸਹੁਰੇ ਘਰ ਜਾ ਕੇ ਆਪਣੀ ਕੁੜੀ ਨੂੰ ਲੈ ਆਈ। ਜਿਸਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਜਿਸ ਦੌਰਾਨ ਉਸਦੀ ਕੁੜੀ ਨੇ ਦੱਸਿਆ ਕਿ ਰਾਤ ਸਮੇਂ ਉਸਦੇ ਪਿਤਾ ਨੇ ਕਥਿਤ ਤੌਰ ‘ਤੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ।

ਥਾਣਾ ਸਿਟੀ-2 ਦੀ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਸਦੇ ਪਤੀ ਮੁਹੰਮਦ ਅਕਰਮ ਖ਼ਿਲਾਫ਼ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਮੁਹੰਮਦ ਅਕਰਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ’ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।