ਨੈਸ਼ਨਲ ਹਾਈਵੇ ‘ਤੇ 3 ਵਾਹਨਾਂ ਦੀ ਆਪਸ ‘ਚ ਭਿਆਨਕ ਟੱਕਰ, ਟਰੱਕ ਚਾਲਕ ਦੀ ਮੌਤ

0
5874

ਹੁਸ਼ਿਆਰਪੁਰ | ਦਸੂਹਾ ‘ਚ ਦਿੱਲੀ-ਜੰਮੂ ਨੈਸ਼ਨਲ ਹਾਈਵੇ ‘ਤੇ ਤਿੰਨ ਵਾਹਨ ਆਪਸ ‘ਚ ਟਕਰਾ ਗਏ। ਇਸ ਹਾਦਸੇ ਵਿਚ ਇਕ ਵਾਹਨ ਚਾਲਕ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਮ੍ਰਿਤਕ ਟਰੱਕ ਡਰਾਈਵਰ ਸ਼ਿਵਮ ਯੂਪੀ ਦੇ ਆਜ਼ਮਗੜ੍ਹ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਦਸੂਹਾ ਸਥਿਤ ਰਿਲਾਇੰਸ ਪੰਪ ਨੇੜੇ ਗਲਤ ਸਾਈਡ ਤੋਂ ਆ ਰਹੇ ਇਕ ਟਰੱਕ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਇਸ ਕਾਰਨ ਇਕ ਤੋਂ ਬਾਅਦ ਇਕ ਪਿਕਅੱਪ ਗੱਡੀ ਵੀ ਉਨ੍ਹਾਂ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਦਸੂਹਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਦੇ ਵਿਚਕਾਰ ਫਸੇ ਡਰਾਈਵਰ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ।

ਇਸ ਦੌਰਾਨ ਗਲਤ ਸਾਈਡ ਤੋਂ ਆ ਰਹੇ ਟਰੱਕ ਚਾਲਕ ਕੁਲਵੰਤ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਮ੍ਰਿਤਕ ਟਰੱਕ ਡਰਾਈਵਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਭੇਜ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਥਾਣਾ ਦਸੂਹਾ ਦੇ ਐਸਐਚਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਨੈਸ਼ਨਲ ਹਾਈਵੇ ‘ਤੇ ਗਲਤ ਸਾਈਡ ਤੋਂ ਆ ਰਹੇ ਇੱਕ ਟਰੱਕ ਕਾਰਨ ਵਾਪਰਿਆ। ਗਲਤ ਸਾਈਡ ਤੋਂ ਆਉਣ ਵਾਲੇ ਟਰੱਕ ਡਰਾਈਵਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।