ਫਰੀਦਕੋਟ . ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਲੇ ਦੇ ਖਰੀਦ ਕੇਂਦਰਾਂ ਵਿੱਚ 15 ਅਪ੍ਰੈਲ ਤੋਂ ਚੱਲ ਰਹੇ ਖਰੀਦ ਦਾ ਕੰਮ ਪੂਰੇ ਜੋਰਾਂ ਤੇ ਹੈ ਤੇ ਹੁਣ ਤੱਕ ਜਿਲੇ ਦੀਆਂ ਮੰਡੀਆਂ ਵਿੱਚ ਪੁੱਜੀ ਲਗਭਗ ਸਾਰੀ ਕਣਕ ਹੀ ਖਰੀਦੀ ਜਾ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਅਦਾਇਗੀ, ਕਣਕ ਦੀ ਲਿਫਟਿੰਗ ਆਦਿ ਦਾ ਕੰਮ ਵੀ ਤੇਜੀ ਨਾਲ ਚੱਲ ਰਿਹਾ ਹੈ।
ਕੱਲ ਸ਼ਾਮ ਤੱਕ ਜਿਲੇ ਦੇ ਵੱਖ ਵੱਖ ਖਰੀਦ ਕੇਂਦਰਾਂ ਵਿੱਚ ਪਨਗ੍ਰੇਨ ਵੱਲੋਂ 154067 ਮੀਟਰਕ ਟਨ, ਮਾਰਕਫੈੱਡ ਵੱਲੋਂ 121438 ਮੀਟਰਕ ਟਨ, ਪਨਸਪ ਵੱਲੋਂ 121347 ਮੀਟਰਕ ਟਨ ,ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 75520 ਮੀਟਰਕ ਟਨ ਅਤੇ ਐਫ ਸੀ ਆਈ ਵੱਲੋਂ 45329 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਅਤੇ ਹੁਣ ਤੱਕ 422237 ਮੀਟਰਕ ਟਨ ਕਣਕ ਦੀ ਮੰਡੀਆਂ ਵਿੱਚ ਲਿਫਟਿੰਗ ਹੋ ਚੁੱਕੀ ਹੈ।
ਡਿਪਟੀ ਜਿਲਾ ਮੰਡੀ ਅਫਸਰ ਸ੍ਰੀ ਗੌਰਵ ਗਰਗ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਮੰਡੀ ਬੋਰਡ ਦੁਆਰਾ ਦਿੱਤੇ ਜਾਂਦੇ ਪਾਸ ਜੋ ਕਿ ਸਬੰਧਤ ਆੜਤੀ ਦੁਆਰਾ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ, ਰਾਹੀਂ ਹੀ ਫਸਲ ਮੰਡੀਆਂ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਹੁਣ ਤੱਕ 66 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਵਿੱਚ ਲਿਆਉਣ ਲਈ ਪਾਸ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆ ਰਹੀ ਅਤੇ ਮੰਡੀ ਵਿੱਚ ਆਉਣ ਵਾਲੇ ਦਿਨ ਹੀ ਕਿਸਾਨ ਆਪਣੀ ਫਸਲ ਵੇਚ ਕੇ ਵਹਿਲੇ ਹੋ ਜਾਂਦੇ ਹਨ।