ਰੱਬ ਦੀ ਕਿਰਨ ਵਰਗੀ ਮੀਰਾ

0
4557

ਮੀਰਾ ਦੇ ਮਹਿਲਾਂ ਦਾ ਬੂਹਾ ਜਦੋਂ ਵੇਲੇ ਦੇ ਸੰਤਾਂ-ਸਾਧਾਂ ਲਈ ਖੁੱਲ੍ਹ ਗਿਆ ਅਤੇ ਭਜਨ-ਬੰਦਗੀ ਦੀਆਂ ਸੁਰਾਂ ਨਾਲ ਦੁਆਲੇ ਦੀਆਂ ਪੌਣਾਂ ਇਲਾਹੀ ਸੁਗੰਧ ਨਾਲ ਭਿੱਜ ਗਈਆਂ ਤਾਂ ਵੇਲੇ ਦੇ ਕੱਟੜਵਾਦੀਆਂ ਕੋਲੋਂ ਇਹ ਸਹਿ ਸਕਣਾ ਮੁਸ਼ਕਿਲ ਹੋ ਗਿਆ। ਉਨ੍ਹਾਂ ਦੀਆਂ ਅੱਖਾਂ ਨੂੰ ਮੀਰਾ ਦੀ ਪਾਕਿ ਰੂਹ ਦਾ ਦੀਦਾਦ ਨਹੀਂ ਸੀ ਹੋ ਸਕਦਾ, ਇਸ ਲਈ ਉਹ ਕ੍ਰੋਧ ਤੇ ਈਰਖਾ ਨਾਲ ਭਰ ਗਏ। ਉਸ ਵੇਲੇ ਇਕ ਸਾਜ਼ਿਸ਼ ਰਚੀ ਗਈ, ਉਹ ਵੀ ਪਰਮਾਤਮਾ ਦੇ ਨਾਂ ਉੱਤੇ। ਇਕ ਨੌਜਵਾਨ ਬ੍ਰਾਹਮਣ ਮਰਦ ਨੂੰ ਪੈਸੇ ਦਾ ਲਾਲਚ ਦੇ ਕੇ ਮੀਰਾ ਕੋਲ ਭੇਜਿਆ ਗਿਆ, ਜਿਸ ਨੇ ਜੀਭ ਉੱਪਰ ਕੁਫ਼ਰ ਧਰ ਕੇ ਮੀਰਾ ਨੂੰ ਆਖਿਆ ਕਿ ਉਸ ਨੂੰ ਪਰਮਾਤਮਾ ਦਾ ਆਦੇਸ਼ ਹੋਇਆ ਹੈ ਕਿ ਇਕ ਰਾਤ ਮੀਰਾ ਦੀ ਸੇਜ ਮਾਣੀ ਜਾਵੇ।

ਮੀਰਾ ਨੇ ਸਹਿਜ ਮਨ ਨਾਲ ਇਹ ਸੁਣਿਆ ਤੇ ਆਖਿਆ, ”ਚੰਗੀ ਗੱਲ ਹੈ, ਸੰਧਿਆ ਵੇਲੇ ਆ ਜਾਣਾ।”

ਨੌਜਵਾਨ ਬ੍ਰਾਹਮਣ ਨੇ ਘਰ ਜਾ ਕੇ ਰੇਸ਼ਮੀ ਕੱਪੜੇ ਪਹਿਨੇ, ਸਜਿਆ, ਸੰਵਰਿਆ ਤੇ ਇਤਰ-ਫੁਲੇਲ ਲਗਾ ਕੇ ਸੰਧਿਆ ਵੇਲੇ ਮੀਰਾ ਦੇ ਦਰਵਾਜ਼ੇ ‘ਤੇ ਆ ਗਿਆ। ਦਰਬਾਨ ਨੇ ਉਸ ਨੂੰ ਅੰਦਰ ਲੈ ਆਂਦਾ, ਜਿੱਥੇ ਮੀਰਾ ਸੰਤਾਂ-ਸਾਧਾਂ ਨਾਲ ਰਲ ਕੇ ਭਜਨ ਬੰਦਗੀ ‘ਚ ਲੀਨ ਸੀ। ਨੌਜਵਾਨ ਨੇ ਵੇਖਿਆ ਕਿ ਉਸ ਸਾਧ ਮੰਡਲੀ ਦੇ ਵਿਚਕਾਰ ਇਕ ਸੇਜ ਬਣੀ ਹੋਈ ਸੀ। ਇਹ ਵੇਖ ਕੇ ਉਸ ਦੇ ਪੈਰ ਕੰਬਣ ਲੱਗੇ। ਮੀਰਾ ਨੇ ਉਸ ਨੂੰ ਵੇਖਿਆ ਤੇ ਆਖਿਆ, ”ਆਓ, ਸੇਜ ਤਿਆਰ ਹੈ…।”

ਨੌਜਵਾਨ ਦੀ ਜ਼ੁਬਾਨ ਜਿਵੇਂ ਗੂੰਗੀ ਹੋ ਗਈ ਸੀ। ਲੜਖੜਾਉਂਦੀ ਜ਼ੁਬਾਨ ਨਾਲ ਬੋਲਿਆ, ”ਸੇਜ…ਪਰ ਸਾਰਿਆਂ ਦੇ ਸਾਹਮਣੇ!”

ਮੀਰਾ ਨੇ ਕਿਹਾ, ”ਹਾਂ! ਪਰਮਾਤਮਾ ਸਭ ਥਾਂ ਹੈ, ਸਭ ਕੁਝ ਵੇਖਦਾ ਹੈ। ਜੇ ਇਹ ਉਸ ਦਾ ਹੁਕਮ ਹੈ ਤਾਂ ਉਸ ਦੇ ਸੰਤਾਂ ਕੋਲੋਂ ਵੀ ਮੈਨੂੰ ਕੋਈ ਓਹਲਾ ਨਹੀਂ, ਉਹ ਵੀ ਪਰਮਾਤਮਾ ਦਾ ਹੀ ਰੂਪ ਹਨ।”

ਇਹ ਵੇਖ ਅਤੇ ਸੁਣ ਕੇ ਉਸ ਨੌਜਵਾਨ ਨੇ ਮੀਰਾ ਦੇ ਪੈਰ ਫੜ ਲਏ, ਉਸ ਮਾਫ਼ੀ ਵਾਸਤੇ ਜੋ ਰੱਬ ਦੀ ਕਿਰਨ ਵਰਗੀ ਮੀਰਾ ਹੀ ਦੇ ਸਕਦੀ ਸੀ।