ਤਰਨਤਾਰਨ : ਬੀੜੀ ਪੀਣੋਂ ਨਾ ਹਟਿਆ ਨੌਜਵਾਨ ਤਾਂ ਨਿਹੰਗ ਨੇ ਛਾਤੀ ‘ਚ ਕਿਰਪਾਨ ਮਾਰ ਕੇ ਕੀਤਾ ਕਤਲ

0
2175

 ਤਰਤਨਤਾਰਨ, 13 ਫਰਵਰੀ| ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਅੱਜ ਤੜਕਸਰ 38 ਸਾਲਾ ਨੌਜਵਾਨ ਦਾ ਇੱਕ 65 ਸਾਲਾ ਨਿਹੰਗ ਸਿੰਘ ਵੱਲੋਂ ਕਿਰਪਾਨ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਰਾਜ ਸਿੰਘ ਉਰਫ ਘਾਰੂ ਪੁੱਤਰ ਅਮਰੀਕ ਸਿੰਘ ਜੋ ਕਿ ਗਲੀ ਵਿੱਚ ਬੀੜੀ ਪੀ ਰਿਹਾ ਸੀ, ਜਿਸ ਨੂੰ ਪਿੰਡ ਦੇ ਹੀ ਰਹਿਣ ਵਾਲੇ 65 ਸਾਲਾ ਨਿਹੰਗ ਸੁਖਚੈਨ ਸਿੰਘ ਉਰਫ ਚੰਨੇ ਨੇ ਬੀੜੀ ਪੀਣ ਤੋਂ ਰੋਕਿਆ ਤਾਂ ਅੱਗਿਓਂ ਸੁਖਰਾਜ ਸਿੰਘ ਨੇ ਉਸ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ, ਇਹ ਤਕਰਾਰ ਇੰਨੀ ਜ਼ਿਆਦਾ ਵਧ ਗਈ ਕਿ ਨਿਹੰਗ ਸਿੰਘ ਨੇ ਸੁਖਰਾਜ ਸਿੰਘ ਦੀ ਛਾਤੀ ‘ਚ ਸਿੱਧੀ ਕਿਰਪਾਨ ਮਾਰ ਦਿੱਤੀ, ਜਿਸ ਕਾਰਨ ਸੁਖਰਾਜ ਸਿੰਘ ਦੀ ਕੁਝ ਹੀ ਮਿੰਟਾਂ ਵਿੱਚ ਮੌਤ ਹੋ ਗਈ।

ਫਿਲਹਾਲ ਸੁਖਰਾਜ ਸਿੰਘ ਦੇ ਭਰਾ ਹਰਜੀਤ ਸਿੰਘ ਅਤੇ ਗੁਆਂਢ ਦੇ ਲੋਕਾਂ ਦਾ ਕਹਿਣਾ ਹੈ ਕਿ ਸੁਖਚੈਨ ਸਿੰਘ ਅਕਸਰ ਹੀ ਸੁਖਰਾਜ ਸਿੰਘ ਨਾਲ ਲੜਾਈ ਝਗੜਾ ਕਰਦਾ ਸੀ ਪਰ ਅੱਜ ਉਸ ਨੇ ਉਸ ਦਾ ਕਤਲ ਕਰ ਦਿੱਤਾ ਹੈ, ਜਿਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

ਉਧਰ ਮੌਕੇ ‘ਤੇ ਪਹੁੰਚੇ ਥਾਣਾ ਸਦਰ ਪੱਟੀ ਦੇ ਐਸਐਚਓ ਪਰਮਜੀਤ ਸਿੰਘ ਨੇ ਦੱਸਿਆ ਕਿ ਸੁਖਰਾਜ ਸਿੰਘ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਨੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਨਿਹੰਗ ਨੂੰ ਕਾਬੂ ਕਰਕੇ ਉਸ ਪਾਸੋਂ ਕਿਰਪਾਨ ਬਰਾਮਦ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।