ਲੁਧਿਆਣਾ ’ਚ ‘ਬਾਬਾ ਬਰਗਰ ਵਾਲਾ’ ਇਨਫਲੂਐਂਸਰ ਖ਼ਿਲਾਫ਼ FIR ਦਰਜ, AI ਵੀਡੀਓ ਬਣਾ ਕੇ ਪੈਸੇ ਮੰਗਣ ਦੇ ਦੋਸ਼

0
4

 

ਲੁਧਿਆਣਾ, 2 ਨਵੰਬਰ | ਸੋਸ਼ਲ ਮੀਡੀਆ ’ਤੇ ‘ਬਾਬਾ ਬਰਗਰ ਵਾਲਾ’ ਦੇ ਨਾਂ ਨਾਲ ਮਸ਼ਹੂਰ ਇਨਫਲੂਐਂਸਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਲੁਧਿਆਣਾ ਦੀ ਮਾਡਲ ਟਾਊਨ ਪੁਲਿਸ ਨੇ ਉਸ ਖ਼ਿਲਾਫ਼ AI ਰਾਹੀਂ ਫੋਟੋਆਂ ਅਤੇ ਵੀਡੀਓਜ਼ ਤਿਆਰ ਕਰਕੇ ਇੰਸਟਾਗ੍ਰਾਮ ’ਤੇ ਅਪਲੋਡ ਕਰਨ ਅਤੇ ਬਦਲੇ ਵਿੱਚ ਪੈਸਿਆਂ ਦੀ ਮੰਗ ਕਰਨ ਦੇ ਦੋਸ਼ਾਂ ਤਹਿਤ FIR ਦਰਜ ਕੀਤੀ ਹੈ। ਇਹ ਮਾਮਲਾ ਗੁਰਦੁਆਰਾ ਬਾਬਾ ਦੀਪ ਸਿੰਘ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।

ਪੁਲਿਸ ਰਿਕਾਰਡ ਅਨੁਸਾਰ, 1 ਨਵੰਬਰ 2026 ਨੂੰ ਦਰਜ FIR ਵਿੱਚ ਮੁਲਜ਼ਮ ਦੀ ਪਛਾਣ ਰਵਿੰਦਰਪਾਲ ਸਿੰਘ ਪੁੱਤਰ ਗਜਿੰਦਰ ਸਿੰਘ ਵਜੋਂ ਹੋਈ ਹੈ, ਜੋ ਤਾਜਪੁਰ ਰੋਡ ਦਾ ਰਹਿਣ ਵਾਲਾ ਹੈ। ਗੁਰਦੁਆਰਾ ਬਾਬਾ ਦੀਪ ਸਿੰਘ ਪ੍ਰਬੰਧਕ ਕਮੇਟੀ ਦੇ ਮੈਂਬਰ ਨਵਪ੍ਰੀਤ ਸਿੰਘ ਬਿੰਦਰਾ, ਵਾਸੀ ਜਵੱਦੀ ਪਿੰਡ, ਮਾਡਲ ਟਾਊਨ ਨੇ ਇਸ ਸਬੰਧੀ 21 ਅਗਸਤ 2026 ਨੂੰ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਿੱਤੀ ਸੀ।

ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਰਵਿੰਦਰਪਾਲ ਸਿੰਘ AI ਦੀ ਮਦਦ ਨਾਲ ਉਨ੍ਹਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਤਿਆਰ ਕਰਕੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਪਲੋਡ ਕਰਦਾ ਸੀ। ਇਸ ਤੋਂ ਇਲਾਵਾ ਇਨ੍ਹਾਂ ਫੋਟੋਆਂ ਅਤੇ ਵੀਡੀਓਜ਼ ਦੇ ਬਦਲੇ ਪੈਸਿਆਂ ਦੀ ਮੰਗ ਵੀ ਕੀਤੀ ਜਾਂਦੀ ਸੀ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ।

ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 356(1), 356(2), 308(2) ਅਤੇ IT ਐਕਟ ਦੀ ਧਾਰਾ 66(C) ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਇੰਸਪੈਕਟਰ ਗੁਰਸ਼ਿੰਦਰ ਕੌਰ ਵੱਲੋਂ ਕੀਤੀ ਜਾ ਰਹੀ ਹੈ।

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।