ਫਰੀਦਕੋਟ/ਕੋਟਕਪੂਰਾ | ਇਥੋਂ ਇਕ ਕਤਲ ਦੀ ਵਾਰਦਾਤ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਦੱਸ ਦਈਏ ਕਿ ਕਰੀਬ ਇਕ ਮਹੀਨਾ ਪਹਿਲਾਂ 17 ਮਈ ਨੂੰ ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਰੇਲਵੇ ਲਾਈਨ ਨੇੜੇ ਰਜਬਾਹੇ ਦੇ ਪੁਲ ਤੋਂ ਸ਼ੱਕੀ ਹਾਲਤ ਵਿਚ ਮਿਲੀ ਇਕ ਲਾਸ਼ ਦੇ ਮਾਮਲੇ ਨੂੰ ਰੇਲਵੇ ਪੁਲਿਸ ਨੇ ਸੁਲਝਾ ਲਿਆ ਹੈ। ਰੇਲਵੇ ਪੁਲਿਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਨੌਜਵਾਨ ਦੇ ਜੀਜੇ ਦਾ ਇਕ ਫੌਜੀ ਨਾਲ ਪਲਾਟ ਨੂੰ ਜਾਣ ਵਾਲੇ ਰਸਤੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।
ਫੌਜੀ ਨੇ ਮਰਨ ਵਾਲੇ ਨੌਜਵਾਨ ਨੂੰ ਹਨੀ ਟ੍ਰੈਪ ਦੇ ਜਾਲ ਵਿਚ ਫਸਾ ਲਿਆ। ਸੋਸ਼ਲ ਮੀਡੀਆ ‘ਤੇ ਲੜਕੀ ਨੇ ਨੌਜਵਾਨ ਨੂੰ ਪ੍ਰੇਮ ਸਬੰਧਾਂ ‘ਚ ਫਸਾ ਲਿਆ। ਫਿਰ ਫੋਨ ‘ਤੇ ਇਕ ਜਗ੍ਹਾ ਬੁਲਾ ਕੇ 4 ਸਾਥੀਆਂ ਸਮੇਤ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੂੰ ਚਕਮਾ ਦੇਣ ਲਈ ਲਾਸ਼ ਰੇਲਵੇ ਲਾਈਨ ਨੇੜੇ ਸੁੱਟ ਦਿੱਤੀ। ਰੇਲਵੇ ਪੁਲਿਸ ਨੇ ਸਾਰੇ 6 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਲੜਕੀ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦਾ ਮਾਸਟਰਮਾਈਂਡ ਫੌਜੀ ਛੁੱਟੀ ਕੱਟ ਕੇ ਡਿਊਟੀ ‘ਤੇ ਪਰਤ ਗਿਆ ਹੈ।
ਰੇਲਵੇ ਪੁਲਿਸ ਦੇ ਐਸਪੀ ਬਲਰਾਮ ਰਾਣਾ ਨੇ ਦੱਸਿਆ ਕਿ ਬੀਤੀ 17 ਮਈ ਨੂੰ ਜੀਆਰਪੀ ਨੂੰ ਫਰੀਦਕੋਟ ਅਤੇ ਮੁਕਤਸਰ ਸਾਹਿਬ ਦਰਮਿਆਨ ਰਜਬਾਹੇ ’ਤੇ ਰੇਲਵੇ ਫਾਟਕ ਸੀ-28 ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ਨੂੰ ਸ਼ਨਾਖਤ ਲਈ ਸ੍ਰੀ ਮੁਕਤਸਰ ਸਾਹਿਬ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ।
ਲਾਸ਼ ਦੀ ਪਛਾਣ ਫਾਜ਼ਿਲਕਾ ਦੇ ਵਸਨੀਕ ਜਸਕਰਨ ਸਿੰਘ ਨੇ ਆਪਣੇ ਭਰਾ ਬਲਜੀਤ ਸਿੰਘ (32) ਵਜੋਂ ਕੀਤੀ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਲਿਆ ਹੈ। ਪੋਸਟਮਾਰਟਮ ਵਿਚ ਮੌਤ ਦਾ ਕਾਰਨ ਸਿਰ ਵਿਚ ਡੂੰਘੀ ਸੱਟ ਸੀ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਤਨੀ ਸਿਮਰਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਮ੍ਰਿਤਕ ਦੇ ਜੀਜੇ ਰਣਜੀਤ ਨੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਝਬੇਲਵਾਲੀ ਵਿਚ ਇਕ ਪਲਾਟ ਖਰੀਦਿਆ ਸੀ।
ਰਣਜੀਤ ਦਾ ਆਪਣੇ ਗੁਆਂਢੀ ਸੌਦਾਗਰ ਫੌਜੀ ਨਾਲ ਪਲਾਟ ਨੂੰ ਜਾਂਦੀ ਗਲੀ ਨੂੰ ਲੈ ਕੇ ਝਗੜਾ ਹੋ ਗਿਆ ਸੀ। ਫਰਵਰੀ ਵਿਚ ਹੋਏ ਝਗੜੇ ਕਾਰਨ ਥਾਣਾ ਬਰੀਵਾਲਾ ਵਿਚ ਕੇਸ ਵੀ ਦਰਜ ਹੋਇਆ ਸੀ। ਮ੍ਰਿਤਕ ਦੀ ਪਤਨੀ ਨੇ ਖਦਸ਼ਾ ਜ਼ਾਹਰ ਕੀਤਾ ਕਿ ਰੰਜਿਸ਼ਨ ਫੌਜੀ ਅਤੇ ਉਸਦੇ ਚਾਚੇ ਦੇ ਲੜਕੇ ਚਮਕੌਰ ਸਿੰਘ ਉਰਫ ਗੋਟੀ ਵਾਸੀ ਵਿਰਕ ਖੈੜਾ ਨੇ ਬਲਜੀਤ ਦਾ ਕਤਲ ਕਰਵਾ ਦਿੱਤਾ ਹੈ।
ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਚਮਕੌਰ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਤਲ ਦੀ ਗੱਲ ਕਬੂਲ ਕਰ ਲਈ। ਚਮਕੌਰ ਸਿੰਘ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਚਮਕੌਰ ਸਿੰਘ ਸਮੇਤ ਗੁਰਪਾਲ ਸਿੰਘ ਵਾਸੀ ਵਿਰਕ ਖੈੜਾ, ਰੁਪਿੰਦਰ ਸਿੰਘ ਉਰਫ਼ ਗੋਰਾ ਵਾਸੀ ਸ਼ਾਮ ਖੈੜਾ, ਅਰਸ਼ਦੀਪ ਸਿੰਘ ਉਰਫ਼ ਅਰਸੀ ਵਾਸੀ ਪੱਤੀ ਸਾਦਿਕ ਅਤੇ ਸਿਮਰਨਪ੍ਰੀਤ ਕੌਰ ਤੇ ਫ਼ੌਜੀ ਨੂੰ ਕੇਸ ਵਿਚ ਨਾਮਜ਼ਦ ਕੀਤਾ ਹੈ।
ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਤਲਕਾਂਡ ਦੇ ਮਾਸਟਰਮਾਈਂਡ ਸੌਦਾਗਰ ਫ਼ੌਜੀ ਨੇ ਸਿਮਰਨਪ੍ਰੀਤ ਕੌਰ ਨੂੰ ਮੋਹਤਬਰ ਬਣਾ ਕੇ ਬਲਜੀਤ ਸਿੰਘ ਨੂੰ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਕੇ ਆਪਣੇ ਪ੍ਰੇਮ ਜਾਲ ਵਿਚ ਫਸਾ ਲਿਆ। 15 ਮਈ ਨੂੰ ਮੌਕੇ ‘ਤੇ ਇੰਟਰਨੈੱਟ ਕਾਲ ਕੀਤੀ ਗਈ। ਜਿੱਥੇ ਪਹਿਲਾਂ ਤੋਂ ਮੌਜੂਦ ਬਾਕੀ ਲੋਕਾਂ ਨੇ ਬਲਜੀਤ ਦਾ ਕਤਲ ਕਰ ਦਿੱਤਾ। ਸੌਦਾਗਰ ਦੀ ਗ੍ਰਿਫਤਾਰੀ ਲਈ ਯੂਨਿਟ ਨੂੰ ਪੱਤਰ ਲਿਖਿਆ ਗਿਆ ਹੈ।