ਲੁਧਿਆਣਾ, 15 ਜਨਵਰੀ | ਪਿੰਡ ਤਲਵੰਡੀ ਦੇ ਖੇਤਾਂ ਵਿਚੋਂ ਅੱਜ ਸਵੇਰੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਖੇਤਾਂ ਵਿਚ ਕੰਮ ਕਰਨ ਆਏ ਲੋਕਾਂ ਨੇ ਜਦੋਂ ਲਾਸ਼ ਪਈ ਦੇਖੀ ਤਾਂ ਉਨ੍ਹਾਂ ਤੁਰੰਤ ਪਿੰਡ ਦੇ ਪਤਵੰਤਿਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ‘ਤੇ ਪੁਲਿਸ ਅਧਿਕਾਰੀਆਂ ਨੂੰ ਬੁਲਾਇਆ। ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ ਅਤੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਆਗੂ ਜ਼ੋਰਾ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਕੁਝ ਲੋਕਾਂ ਨੇ ਖੇਤਾਂ ਵਿਚ ਇੱਕ ਨੌਜਵਾਨ ਦੀ ਲਾਸ਼ ਪਈ ਦੇਖੀ ਤਾਂ ਉਨ੍ਹਾਂ ਤੁਰੰਤ ਰੌਲਾ ਪਾਇਆ। ਲੋਕਾਂ ਨੇ ਥਾਣਾ ਲਾਡੋਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਨੌਜਵਾਨ ਦੀ ਮੌਤ ਕਿਨ੍ਹਾਂ ਕਾਰਨਾਂ ਕਰ ਕੇ ਹੋਈ ਜਾਂ ਮੌਤ ਹੋਈ ਪਰ ਘਟਨਾ ਵਾਲੀ ਥਾਂ ‘ਤੇ ਕਈ ਨਸ਼ੀਲੇ ਟੀਕੇ ਆਦਿ ਜ਼ਰੂਰ ਪਏ ਸਨ।
ਅਜੇ ਤੱਕ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਇਲਾਕੇ ਵਿਚ ਵੀ ਜਾਂਚ ਕੀਤੀ ਜਾ ਰਹੀ ਹੈ। ਕਈ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ ਪਰ ਅਜੇ ਤੱਕ ਮ੍ਰਿਤਕ ਨੌਜਵਾਨ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਦੂਜੇ ਪਾਸੇ ਥਾਣਾ ਲਾਡੋਵਾਲ ਦੀ ਐਸਐਚਓ ਗੁਰਸ਼ਿੰਦਰ ਕੌਰ ਦਾ ਕਹਿਣਾ ਹੈ ਕਿ ਮਾਮਲਾ ਸ਼ੱਕੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨੌਜਵਾਨ ਦੀ ਮੌਤ ਕੁਦਰਤੀ ਮੌਤ ਹੋਈ ਹੈ ਜਾਂ ਕੋਈ ਹੋਰ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਜਿੱਥੋਂ ਤੱਕ ਘਟਨਾ ਵਾਲੀ ਥਾਂ ਤੋਂ ਮਿਲੇ ਟੀਕਿਆਂ ਦੀ ਗੱਲ ਹੈ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।