ਪਟਿਆਲਾ | ਇਥੋਂ ਇਕ ਲੜਾਈ ਝਗੜੇ ਦੀ ਖਬਰ ਸਾਹਮਣੇ ਆਈ ਹੈ। ਥਾਣਾ ਪਾਤੜਾਂ ਅਧੀਨ ਪੈਂਦੇ ਖਾਨੇਵਾਲਾ ਬੱਸ ਸਟੈਂਡ ‘ਤੇ ਕੁਝ ਵਿਅਕਤੀਆਂ ਨੇ ਮਿਲ ਕੇ ਇਕ ਨੌਜਵਾਨ ਦਾ ਅੰਗੂਠਾ ਵੱਢ ਦਿੱਤਾ। ਹਮਲੇ ‘ਚ ਜ਼ਖਮੀ ਹੋਏ ਪਿੰਡ ਕੱਲਰਭੈਣੀ ਦੇ ਵਾਸੀ ਗੁਰਵਿੰਦਰ ਸਿੰਘ ਨੂੰ ਪਹਿਲਾਂ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਘਟਨਾ 24 ਮਾਰਚ ਨੂੰ ਸ਼ਾਮੀਂ ਵਾਪਰੀ, ਜਿਸ ਤੋਂ ਬਾਅਦ ਪੁਲਿਸ ਨੇ ਗੁਰਵਿੰਦਰ ਸਿੰਘ ਦੇ ਬਿਆਨ ਦਰਜ ਕੀਤੇ। ਉਸ ਦੇ ਬਿਆਨਾਂ ’ਤੇ ਮੁਲਜ਼ਮ ਅਮਨਦੀਪ ਸਿੰਘ ਵਾਸੀ ਕੱਲਰਭੈਣੀ, ਪ੍ਰੇਮ ਸਿੰਘ ਵਾਸੀ ਦੇਵਗੜ੍ਹ, ਅੰਗਰੇਜ਼ ਸਿੰਘ ਵਾਸੀ ਪਿੰਡ ਹਰਿਆਊ ਖੁਰਦ ਪੱਤਣ ਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਕਰਮਾ ਗਿਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਨੌਜਵਾਨਾਂ ਵਿਚਕਾਰ ਲੜਾਈ ਹੋਈ ਸੀ। ਉਕਤ ਹਮਲਾਵਰਾਂ ਦੇ ਵਿਰੋਧੀ ਧੜੇ ਦੇ ਇਕ ਨੌਜਵਾਨ ਨਾਲ ਉਨ੍ਹਾਂ ਲੜਕਾ ਗੁਰਵਿੰਦਰ ਵੀ ਸੀ, ਹਾਲਾਂਕਿ ਬਾਅਦ ਵਿਚ ਦੋਵੇਂ ਧਿਰਾਂ ਵਿਚ ਸਮਝੌਤਾ ਹੋ ਗਿਆ। ਬੇਟੇ ਨੇ ਦੱਸਿਆ ਕਿ ਕੁਝ ਲੋਕ ਉਸ ਦਾ ਪਿੱਛਾ ਕਰ ਰਹੇ ਹਨ ਤੇ ਉਸ ‘ਤੇ ਹਮਲਾ ਕਰ ਸਕਦੇ ਹਨ। ਉਸ ਨੇ ਆਪਣੇ ਪੁੱਤਰ ਨੂੰ ਕਿਸੇ ਨਾਲ ਝਗੜਾ ਨਾ ਕਰਨ ਲਈ ਸਮਝਾਇਆ ਸੀ। ਇਸ ਦੇ ਬਾਵਜੂਦ ਉਨ੍ਹਾਂ ਦੇ ਬੇਟੇ ਨੂੰ ਇਕੱਲਾ ਦੇਖ ਕੇ ਉਸ ‘ਤੇ ਜਾਨਲੇਵਾ ਹਮਲਾ ਕੀਤਾ ਗਿਆ।
ਗੁਰਵਿੰਦਰ ਦੇ ਪਿਤਾ ਨੇ ਦੱਸਿਆ ਕਿ ਉਸਦਾ ਲੜਕਾ ਆਪਣੇ ਦੋਸਤ ਸੰਨੀ ਨਾਲ ਬਾਈਕ ‘ਤੇ ਪਿੰਡ ਖਾਨੇਵਾਲਾ ਦੇ ਬੱਸ ਸਟੈਂਡ ਨੇੜਿਓਂ ਲੰਘ ਰਿਹਾ ਸੀ। ਇਸੇ ਥਾਂ ’ਤੇ ਬਿਨਾਂ ਨੰਬਰ ਪਲੇਟ ਵਾਲੀ ਕਾਰ ਵਿਚ ਆਏ ਮੁਲਜ਼ਮਾਂ ਨੇ ਗੁਰਵਿੰਦਰ ਨੂੰ ਘੇਰ ਲਿਆ। ਇਸ ਦੌਰਾਨ ਹੋਰ ਮੁਲਜ਼ਮ ਵੀ ਬਾਈਕ ‘ਤੇ ਆਏ ਅਤੇ ਇਨ੍ਹਾਂ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਗੁਰਵਿੰਦਰ ਨੂੰ ਫੜਨ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਉਸ ਦਾ ਅੰਗੂਠਾ ਵੱਢ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।