ਭਾਰਤ ‘ਚ ਜਲਦ ਦੇਖੋਗੇ BH ਸੀਰੀਜ਼ ਵਾਲੇ ਨੰਬਰ, ਕੀ ਹੈ ਪ੍ਰਕਿਰਿਆ ਤੇ ਕਿੰਨੀ ਹੈ ਫੀਸ, ਜਾਣੋ ਹਰ ਸਵਾਲ ਦਾ ਜਵਾਬ

0
932

ਮੁੰਬਈ | ਕੀ ਤੁਸੀਂ ਆਪਣੀ ਨੌਕਰੀ ਜਾਂ ਕਾਰੋਬਾਰ ਲਈ ਕਿਸੇ ਹੋਰ ਸੂਬੇ ‘ਚ ਵਸਣ ਜਾ ਰਹੇ ਹੋ ਅਤੇ ਕੀ ਤੁਹਾਨੂੰ ਉਥੇ ਆਪਣਾ ਵਾਹਨ ਵੀ ਨਾਲ ਲੈ ਕੇ ਜਾਣ ਦੀ ਲੋੜ ਹੈ?

ਕੀ ਤੁਹਾਨੂੰ ਡਰ ਹੈ ਕਿ ਪੁਲਿਸ ਤੁਹਾਨੂੰ ਤੁਹਾਡਾ ਵਾਹਨ ਨਾਲ ਲੈ ਕੇ ਨਹੀਂ ਜਾਣ ਦਵੇਗੀ? ਕੀ ਤੁਹਾਨੂੰ ਆਪਣੇ ਵਾਹਨ ਨੂੰ ਦੁਬਾਰਾ ਰਜਿਸਟਰ ਕਰਨ ਦੀ ਜ਼ਰੂਰਤ ਹੋਏਗੀ?

ਕੀ ਤੁਹਾਨੂੰ ਆਪਣੇ ਵਾਹਨ ਲਈ ਨਵੇਂ ਨੰਬਰ ਲਈ ਅਰਜ਼ੀ ਦੇਣ ਦੀ ਲੋੜ ਹੋਏਗੀ? ਅਜਿਹੇ ਬਹੁਤ ਸਾਰੇ ਸਵਾਲ ਹਨ, ਜੋ ਵਿਅਕਤੀ ਦੇ ਦਿਮਾਗ ਵਿੱਚ ਉੱਠਦੇ ਹਨ, ਜਦੋਂ ਉਹ ਕਿਸੇ ਹੋਰ ਜਗ੍ਹਾ ਜਾ ਕੇ ਰਹਿਣ ਦੀ ਤਿਆਰੀ ਕਰਦਾ ਹੈ।

ਲੋਕ ਇਨ੍ਹਾਂ ਪ੍ਰਕਿਰਿਆਵਾਂ ਬਾਰੇ ਜ਼ਿਆਦਾ ਜਾਣੂ ਨਹੀਂ ਹੁੰਦੇ ਅਤੇ ਭਾਵੇਂ ਸਾਨੂੰ ਪ੍ਰਕਿਰਿਆ ਦੀ ਜਾਣਕਾਰੀ ਹੋਵੇ ਤਾਂ ਵੀ ਇਨ੍ਹਾਂ ਨਾਲ ਜੁੜੇ ਕੰਮ ਕਰਨਾ ਅਤੇ ਨਵੀਂ ਜਗ੍ਹਾ ‘ਤੇ ਆਰਟੀਓ ਦਫਤਰ ਜਾਣਾ ਬਹੁਤ ਔਖਾ ਲੱਗਦਾ ਹੈ।

ਪਰ ਜੇ ਅਸੀਂ ਇਸ ਪ੍ਰਕਿਰਿਆ ਨੂੰ ਪੂਰਾ ਨਹੀਂ ਕਰਦੇ ਅਤੇ ਜੇ ਪੁਲਿਸ ਸਾਨੂੰ ਕਿਤੇ ਰੋਕ ਲੈਂਦੀ ਹੈ ਤਾਂ ਇਹ ਹੋਰ ਵੀ ਵਧੇਰੇ ਮੁਸ਼ਕਿਲ ਵਾਲੀ ਸਥਿਤੀ ਹੋ ਜਾਂਦੀ ਹੈ ਪਰ ਹੁਣ ਵਾਹਨ ਮਾਲਕ ਇਨ੍ਹਾਂ ਸਾਰੀਆਂ ਮੁਸੀਬਤਾਂ ਤੋਂ ਮੁਕਤ ਹੋ ਸਕਦੇ ਹਨ।

ਵਰਤਮਾਨ ਵਿੱਚ ਕੀ ਹਨ ਨਿਯਮ?

ਮੋਟਰ ਵਹੀਕਲ ਐਕਟ 1988 ਅਨੁਸਾਰ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਸਬੰਧੀ ਇਕ ਨਿਯਮ ਰੱਖਿਆ ਹੈ।

ਇਸ ਨਿਯਮ ਅਨੁਸਾਰ ਜੇਕਰ ਕੋਈ ਵਿਅਕਤੀ ਕਿਸੇ ਹੋਰ ਰਾਜ/ਸੂਬੇ ਵਿੱਚ ਜਾ ਕੇ ਰਹਿਣਾ ਚਾਹੁੰਦਾ ਹੈ (ਆਪਣਾ ਨਿਵਾਸ ਸਥਾਨ ਕਿਸੇ ਹੋਰ ਸੂਬੇ ‘ਚ ਬਣਾਉਣਾ ਚਾਹੁੰਦਾ ਹੈ) ਤਾਂ ਅਜਿਹੇ ਵਿਅਕਤੀ ਲਈ ਇਹ ਲਾਜ਼ਮੀ ਹੈ ਕਿ ਉਹ ਉਸ ਨਵੀਂ ਥਾਂ ‘ਤੇ ਆਪਣੇ ਵਾਹਨ ਦੀ ਦੁਬਾਰਾ ਰਜਿਸਟਰੀ ਕਰਵਾਏ।

ਜਦੋਂ ਅਸੀਂ ਵਾਹਨ ਖਰੀਦਦੇ ਹਾਂ ਤਾਂ ਅਸੀਂ 15 ਸਾਲਾਂ ਲਈ ਰੋਡ ਟੈਕਸ ਅਦਾ ਕਰਦੇ ਹਾਂ। ਜੇ ਕਿਸੇ ਨੇ ਸਿਰਫ 5 ਸਾਲ ਪਹਿਲਾਂ ਕੋਈ ਵਾਹਨ ਖਰੀਦਿਆ ਹੈ ਅਤੇ ਉਹ ਕਿਸੇ ਹੋਰ ਸੂਬੇ ਵਿੱਚ ਸ਼ਿਫਟ ਹੋ ਜਾਂਦੀ/ਜਾਂਦਾ ਹੈ ਤਾਂ ਉਸ ਨੂੰ ਬਾਕੀ ਦੇ 10 ਸਾਲਾਂ ਲਈ ਟੈਕਸ ਰਿਫੰਡ ਮਿਲਦਾ ਹੈ ਪਰ ਇਸ ਦੇ ਲਈ ਸੰਬੰਧਿਤ ਦਫਤਰ ਤੋਂ ਐੱਨਓਸੀ ਦੀ ਜ਼ਰੂਰਤ ਹੁੰਦੀ ਹੈ।

ਇਨ੍ਹਾਂ ਅਧਿਕਾਰਤ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ ਨਵੇਂ ਸੂਬੇ ਦੇ ਨਿਯਮਾਂ ਅਨੁਸਾਰ ਟੈਕਸ ਦੀ ਰਕਮ ਦਾ ਭੁਗਤਾਨ ਉਥੋਂ ਦੇ ਖੇਤਰੀ ਟਰਾਂਸਪੋਰਟ ਦਫਤਰ ਵਿੱਚ ਕੀਤਾ ਜਾਣਾ ਚਾਹੀਦਾ ਹੈ।

ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਹੀ ਵਿਅਕਤੀ ਨੂੰ ਨਵਾਂ ਵਾਹਨ ਰਜਿਸਟਰੇਸ਼ਨ ਨੰਬਰ ਮਿਲਦਾ ਹੈ।

ਕਿਉਂਕਿ ਇਹ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੈ, ਇਸ ਲਈ ਵਿਅਕਤੀ ਨੂੰ ਕਈ ਵਾਰ ਆਰਟੀਓ ਦਫਤਰ (ਖੇਤਰੀ ਟਰਾਂਸਪੋਰਟ ਦਫਤਰ) ਦੇ ਚੱਕਰ ਲਗਾਉਣੇ ਪੈਂਦੇ ਹਨ।

ਜਿਸ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਇਹ ਸਭ ਬਹੁਤ ਥਕਾਊ ਹੋ ਜਾਂਦਾ ਹੈ। ਇਸ ਲਈ ਉਮੀਦ ਹੈ ਕਿ ਇਹ ਨਵਾਂ ਨਿਯਮ ਵਾਹਨ ਮਾਲਕਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ।

ਦੇਸ਼ ਭਰ ਦੇ ਵਾਹਨਾਂ ਲਈ ਇਕ ਹੀ ਸੀਰੀਜ਼

ਭਾਰਤ ਸਰਕਾਰ ਨੇ BH (ਭਾਰਤ) ਅੱਖਰਾਂ ਨਾਲ ਇਕ ਨਵੀਂ ਨੰਬਰ ਸੀਰੀਜ਼ ਸ਼ੁਰੂ ਕੀਤੀ ਹੈ, ਜੋ ਦੇਸ਼ ਭਰ ਵਿੱਚ ਰਜਿਸਟਰਡ ਵਾਹਨਾਂ ‘ਤੇ ਲਾਗੂ ਹੋਵੇਗੀ।

26 ਅਗਸਤ 2021 ਨੂੰ ਪ੍ਰਕਾਸ਼ਿਤ ਇਕ ਨੋਟੀਫਿਕੇਸ਼ਨ ਵਿੱਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਕਿ ਇਸ ਤਰ੍ਹਾਂ ਜੇ ਕੋਈ ਵਾਹਨ ਮਾਲਕ ਆਪਣਾ ਨਿਵਾਸ ਸਥਾਨ ਕਿਸੇ ਹੋਰ ਸੂਬੇ ਵਿੱਚ ਤਬਦੀਲ ਕਰ ਵੀ ਲਵੇਗਾ ਤਾਂ ਵੀ ਉਸ ਨੂੰ ਆਪਣੇ ਵਾਹਨ ਨੂੰ ਦੁਬਾਰਾ ਰਜਿਸਟਰ ਕਰਨ ਅਤੇ ਨਵਾਂ ਨੰਬਰ ਲੈਣ ਦੀ ਜ਼ਰੂਰਤ ਨਹੀਂ ਹੋਏਗੀ।

ਮੰਤਰਾਲੇ ਦਾ ਕਹਿਣਾ ਹੈ ਕਿ ਇਹ ਨਵਾਂ ਨਿਯਮ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਾਹਨਾਂ ਦੇ ਅਸਾਨੀ ਨਾਲ ਪ੍ਰਵਾਸ ਨੂੰ ਸੁਖਾਲਾ ਬਣਾਏਗਾ।

ਇਸ ਦੇ ਲਈ ਕੇਂਦਰ ਸਰਕਾਰ ਨੂੰ “ਮੋਟਰ ਵਹੀਕਲ ਐਕਟ 1988” ਦੀ ਧਾਰਾ 64 ਵਿੱਚ ਸੋਧ ਕਰਨੀ ਪਏਗੀ। ਇਸ ਤਰ੍ਹਾਂ ਸੰਬੰਧਿਤ ਧਾਰਾ ‘ਚ ਇਹ 20ਵੀਂ ਸੋਧ ਹੋਵੇਗੀ।

ਇਹ ਤਬਦੀਲੀ 15 ਸਤੰਬਰ 2021 ਤੋਂ ਲਾਗੂ ਕੀਤੀ ਜਾਵੇਗੀ।

BH ਸੀਰੀਜ਼ ਦੇ ਨੰਬਰ ਕਿਹੋ-ਜਿਹੇ ਦਿਖਾਈ ਦੇਣਗੇ?

ਵਾਹਨ ਦੀ ਪਛਾਣ ਕਰਨ ਲਈ ਵਾਹਨ ਰਜਿਸਟ੍ਰੇਸ਼ਨ ਨੰਬਰ ਬਹੁਤ ਮਹੱਤਵਪੂਰਨ ਹੁੰਦਾ ਹੈ। ਵਰਤਮਾਨ ਵਿੱਚ ਵਾਹਨਾਂ ਲਈ ਇਹ ਨੰਬਰ ਸੰਬੰਧਿਤ ਸੂਬਿਆਂ ਦੇ ਆਰਟੀਓ ਦਫਤਰਾਂ ਤੋਂ ਪ੍ਰਾਪਤ ਹੁੰਦੇ ਹਨ।

ਮਿਸਾਲ ਵਜੋਂ ਜਿਵੇਂ ਪੰਜਾਬ ਦਾ ਨੰਬਰ PB, ਮਹਾਰਾਸ਼ਟਰ ਵਿੱਚ ਵਾਹਨ ਰਜਿਸਟਰੇਸ਼ਨ ਨੰਬਰ MH ਨਾਲ ਸ਼ੁਰੂ ਹੁੰਦਾ ਹੈ।

ਇਸ ਤਰ੍ਹਾਂ ਬਾਕੀ ਸੂਬਿਆਂ ‘ਚ ਵੀ ਇਸੇ ਤਰ੍ਹਾਂ ਨੰਬਰ ਹੁੰਦੇ ਹਨ ਜਿਵੇਂ ਕਿ ਮੱਧ ਪ੍ਰਦੇਸ਼ ਵਿੱਚ ਵਾਹਨ ਦਾ ਨੰਬਰ MP, ਆਂਧਰਾ ਪ੍ਰਦੇਸ਼ ‘ਚ AP, ਕਰਨਾਟਕ ‘ਚ KA ਅਤੇ ਗੋਆ ‘ਚ GA ਤੋਂ ਸ਼ੁਰੂ ਹੁੰਦਾ ਹੈ।

ਇਸ ਦੇ ਨਾਲ ਹੀ ਇਹ ਨੰਬਰ ਸੂਬੇ ਦੇ ਉਸ ਆਰਟੀਓ (ਖੇਤਰੀ ਟਰਾਂਸਪੋਰਟ ਦਫਤਰ) ਨੂੰ ਵੀ ਦਰਸਾਉਂਦੇ ਹਨ, ਜਿਥੇ ਵਾਹਨ ਰਜਿਸਟਰਡ ਹੋਵੇ।

ਮਿਸਾਲ ਲਈ ਮੁੰਬਈ ਵਿੱਚ ਰਜਿਸਟਰਡ ਵਾਹਨ MH01 ਨਾਲ ਸ਼ੁਰੂ ਹੁੰਦਾ ਹੈ, ਜਦਕਿ ਪੁਣੇ ਵਿੱਚ ਰਜਿਸਟਰਡ ਵਾਹਨ ਲਈ MH12 ਲਿਖਿਆ ਜਾਂਦਾ ਹੈ।

ਪਰ BH ਸੀਰੀਜ਼ ਦੇ ਨੰਬਰ ਵੱਖਰੇ ਤਰੀਕੇ ਨਾਲ ਹੋਣਗੇ।

ਆਓ, ਇਸ ਨੂੰ ਇਕ ਉਦਾਹਰਣ ਨਾਲ ਸਮਝਦੇ ਹਾਂ

ਨਵੀਂ BH ਸੀਰੀਜ਼ ਵਿੱਚ ਰਜਿਸਟ੍ਰੇਸ਼ਨ ਨੰਬਰ ਦੀ ਸ਼ੁਰੂਆਤ ਵਾਹਨ ਦੇ ਰਜਿਸਟ੍ਰੇਸ਼ਨ ਵਾਲੇ ਸਾਲ ਤੋਂ ਹੋਵੇਗੀ, ਉਸ ਤੋਂ ਬਾਅਦ BH ਅੱਖਰ ਹੋਣਗੇ ਅਤੇ ਉਸ ਤੋਂ ਅੱਗੇ 0000 ਅਤੇ 9999 ਦੇ ਵਿਚਕਾਰ ਦੇ ਕੋਈ ਵੀ ਨੰਬਰ ਆਉਣਗੇ। ਫਿਰ ਅੰਤ ਵਿੱਚ ਵਾਹਨ ਨੰਬਰ AA ਅਤੇ ZZ ਦੇ ਵਿਚਕਾਰ ਕਿਸੇ ਵੀ ਅੱਖਰ-ਜੋੜੇ ਦੇ ਨਾਲ ਸਮਾਪਤ ਹੋਣਗੇ।

ਮਿਸਾਲ ਵਜੋਂ ਜੇ ਕੋਈ ਵਾਹਨ 2021 ‘ਚ ਰਜਿਸਟਰ ਕੀਤਾ ਗਿਆ ਹੈ ਅਤੇ ਇਸ ਨੂੰ BH ਸੀਰੀਜ਼ ਦਾ ਨੰਬਰ 1234 ਪ੍ਰਾਪਤ ਹੋਇਆ ਹੈ ਤਾਂ ਵਾਹਨ ਦਾ ਨੰਬਰ ਇਸ ਤਰ੍ਹਾਂ ਦਿਖਾਈ ਦੇਵੇਗਾ 21 BH 1234 AB.

ਕਿਸ ਨੂੰ ਮਿਲੇਗੀ ਇਹ ਨਵੀਂ BH ਸੀਰੀਜ਼?

ਫਿਲਹਾਲ ਇਸ ਨਵੀਂ ਸੀਰੀਜ਼ ਲਈ ਆਮ ਲੋਕਾਂ ਨੂੰ ਅਰਜ਼ੀ ਦੇਣ ਦੀ ਆਗਿਆ ਨਹੀਂ ਹੈ।

ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ ਹੇਠ ਲਿਖੀਆਂ ਸ਼੍ਰੇਣੀਆਂ ਦੇ ਵਿਅਕਤੀਆਂ ਨੂੰ ਇਨ੍ਹਾਂ ਨੰਬਰਾਂ ਲਈ ਅਰਜ਼ੀ ਦੇਣ ਦੀ ਆਗਿਆ ਦਿੱਤੀ ਜਾਏਗੀ-

  • ਰੱਖਿਆ ਕਰਮਚਾਰੀ
  • ਕੇਂਦਰ ਸਰਕਾਰ ਦੇ ਕਰਮਚਾਰੀ
  • ਸੂਬਾ ਸਰਕਾਰ ਦੇ ਕਰਮਚਾਰੀ
  • ਕੁਝ ਪਬਲਿਕ ਸੈਕਟਰ ਅੰਡਰਟੇਕਿੰਗ ਦੇ ਕਰਮਚਾਰੀ

ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਲੋਕ ਵੀ ਇਹ ਨੰਬਰ ਪ੍ਰਾਪਤ ਕਰ ਸਕਦੇ ਹਨ, ਜੇਕਰ ਉਨ੍ਹਾਂ ਦੀ ਕੰਪਨੀ ਦੇ 4 ਜਾਂ ਵਧੇਰੇ ਸ਼ਹਿਰਾਂ ਵਿੱਚ ਦਫਤਰ ਹੋਣ।

ਮੰਤਰਾਲੇ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਆਮ ਨਾਗਰਿਕਾਂ ਨੂੰ BH ਸੀਰੀਜ਼ ਵਾਲੇ ਵਾਹਨਾਂ ਦੇ ਨੰਬਰ ਮਿਲਣਗੇ ਜਾਂ ਕਦੋਂ ਮਿਲਣਗੇ।

ਫੀਸ ਕੀ ਹੋਵੇਗੀ?

ਇਸ ਸੀਰੀਜ਼ ਵਿੱਚ ਰਜਿਸਟਰਡ ਵਾਹਨਾਂ ਦੇ ਮਾਲਕਾਂ ਨੂੰ 2 ਸਾਲ ਲਈ ਜਾਂ 2 ਦੇ ਗੁਣਾਂਕ ਵਾਲੇ ਸਾਲਾਂ ਲਈ ਮੋਟਰ ਵਾਹਨ ਫੀਸ ਭਰਨੀ ਪਏਗੀ।

ਪੈਟਰੋਲ ਨਾਲ ਚੱਲਣ ਵਾਲੇ ਵਾਹਨ ਜਿਨ੍ਹਾਂ ਦੀਆਂ ਕੀਮਤ 10 ਲੱਖ ਰੁਪਏ ਤੋਂ ਘੱਟ ਹੋਵੇ, ਅਜਿਹੇ ਵਾਹਨਾਂ ਲਈ ਰਜਿਸਟ੍ਰੇਸ਼ਨ ਫੀਸ 8 ਫੀਸਦੀ ਹੋਵੇਗੀ।

ਪੈਟਰੋਲ ਨਾਲ ਚੱਲਣ ਵਾਲੇ 10 ਲੱਖ ਤੋਂ 20 ਲੱਖ ਤੱਕ ਦੀ ਕੀਮਤ ਵਾਲੇ ਵਾਹਨਾਂ ਲਈ 10 ਫੀਸਦੀ ਦਾ ਭੁਗਤਾਨ ਕਰਨਾ ਹੋਵੇਗਾ ਅਤੇ 20 ਲੱਖ ਤੋਂ ਜ਼ਿਆਦਾ ਵਾਲੇ ਵਾਹਨਾਂ ਲਈ 12 ਫੀਸਦੀ ਫੀਸ ਅਦਾ ਕਰਨੀ ਪਏਗੀ।

ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਲਈ ਉਪਰੋਕਤ ਮੁੱਲ ਸ਼੍ਰੇਣੀਆਂ ਵਿੱਚ 2 ਪ੍ਰਤੀਸ਼ਤ ਜ਼ਿਆਦਾ ਫੀਸ ਅਦਾ ਕਰਨੀ ਪਏਗੀ ਅਤੇ ਇਲੈਕਟ੍ਰਿਕ ਵਾਹਨਾਂ ਲਈ ਫੀਸ 2 ਪ੍ਰਤੀਸ਼ਤ ਘੱਟ ਹੋਵੇਗੀ।

ਵਾਹਨ ਮਾਲਕਾਂ ਨੂੰ ਵਾਹਨ ਰਜਿਸਟ੍ਰੇਸ਼ਨ ਦੇ 14 ਸਾਲ ਪੂਰੇ ਹੋਣ ਤੋਂ ਬਾਅਦ ਸਾਲਾਨਾ ਰੋਡ ਟੈਕਸ ਅਦਾ ਕਰਨਾ ਪਏਗਾ। ਇਹ ਰਕਮ ਪਹਿਲਾਂ ਅਦਾ ਕੀਤੀ ਫੀਸ ਨਾਲੋਂ ਅੱਧੀ ਹੋਵੇਗੀ।