ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਹੋਈ ਬੰਦ : ਪਾਕਿ ਸਰਕਾਰ ਨੇ ਸ਼ੁਰੂ ਕਰਨ ਦੀ ਕੀਤੀ ਅਪੀਲ, ਕਿਹਾ- ਸਾਡੀਆਂ ਤਿਆਰੀਆਂ ਪੂਰੀਆਂ

0
1032

ਗੁਰਦਾਸਪੁਰ | ਸ੍ਰੀ ਕਰਤਾਰਪੁਰ ਲਾਂਘੇ ਵਿਚ ਭਾਰੀ ਮੀਂਹ ਕਾਰਨ ਰਾਵੀ ਦਰਿਆ ਦੇ ਓਵਰਫਲੋਅ ਹੋਣ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਰੋਕ ਦਿੱਤੀ ਗਈ ਹੈ। ਹੜ੍ਹ ਕਾਰਨ ਵੀਰਵਾਰ ਨੂੰ ਗੁਰੂਘਰ ਦੀ ਯਾਤਰਾ ਰੱਦ ਕਰ ਦਿੱਤੀ ਗਈ ਸੀ ਪਰ ਪਾਕਿਸਤਾਨ ਸਰਕਾਰ ਨੇ ਇਸ ਨੂੰ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਵੀ ਵੀਡੀਓ ਜਾਰੀ ਕਰ ਕੇ ਆਮ ਸਥਿਤੀ ਬਾਰੇ ਦੱਸਿਆ ਹੈ।

ਕਰਤਾਰਪੁਰ ਲਾਂਘੇ ਦਾ ਪ੍ਰਬੰਧਨ ਕਰਨ ਵਾਲੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਡਿਪਟੀ ਸੈਕਟਰੀ ਰਾਣਾ ਤਾਰਿਕ ਨੇ ਬੀਤੀ ਸ਼ਾਮ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਵਿੱਚ ਹੜ੍ਹ ਜਾਂ ਹੜ੍ਹ ਵਰਗੀ ਸਥਿਤੀ ਨਹੀਂ ਹੈ। ਉਨ੍ਹਾਂ ਨੇ ਭਾਰਤੀ ਪੱਖ ਨੂੰ ਤੁਰੰਤ ਤੀਰਥ ਯਾਤਰਾ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।

ਇੱਕ ਵੀਡੀਓ ਸੰਦੇਸ਼ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਵੀ ਦਰਿਆ ਵਿੱਚ ਹੜ੍ਹ ਆਇਆ ਸੀ ਅਤੇ ਪਾਣੀ ਕੁਝ ਘੰਟਿਆਂ ਵਿੱਚ ਹੀ ਘੱਟ ਗਿਆ ਸੀ। ਉਦੋਂ ਤੋਂ ਪਾਣੀ ਦਾ ਪੱਧਰ ਕਾਫੀ ਹੇਠਾਂ ਆ ਗਿਆ ਹੈ ਅਤੇ ਫਿਲਹਾਲ ਜ਼ੀਰੋ ਲਾਈਨ ‘ਤੇ ਸਭ ਕੁਝ ਆਮ ਵਾਂਗ ਹੈ।

ਉਨ੍ਹਾਂ ਮੰਗ ਕੀਤੀ ਹੈ ਕਿ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਸਮੇਂ ਅਨੁਸਾਰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਬੱਸਾਂ, ਇਲੈਕਟ੍ਰਿਕ ਗੱਡੀਆਂ, ਸੁਰੱਖਿਆ ਟੀਮਾਂ ਜ਼ੀਰੋ ਲਾਈਨ ‘ਤੇ ਤਿਆਰ ਹਨ ਅਤੇ ਗੁਰੂਘਰ ਵੀ ਸ਼ਰਧਾਲੂਆਂ ਦੀ ਉਡੀਕ ਕਰ ਰਿਹਾ ਹੈ।

ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਵੀਡੀਓ ਵਿੱਚ ਕਿਹਾ ਕਿ ਭਾਰਤ ਵਾਲੇ ਪਾਸੇ ਤੋਂ ਲਾਂਘਾ ਬੰਦ ਹੋਣ ਦੇ ਬਾਵਜੂਦ, ਪੀਐਮਯੂ, ਪੰਜਾਬ ਡਿਜ਼ਾਸਟਰ ਮੈਨੇਜਮੈਂਟ ਟੀਮਾਂ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ, ਸਿੰਚਾਈ, ਲੋਕ ਨਿਰਮਾਣ ਵਿਭਾਗ ਆਦਿ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਨੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਹਨ। ਸ਼ਰਧਾਲੂਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਬੱਸਾਂ, ਕਿਸ਼ਤੀਆਂ ਅਤੇ ਬਚਾਅ ਟੀਮਾਂ ਦੀ ਤਾਇਨਾਤੀ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਮੁੱਖ ਗੁਰਦੁਆਰਾ, ਪਰਿਕਰਮਾ ਦਿਖਾਉਂਦੇ ਹੋਏ ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਹੜ੍ਹ ਦਾ ਪਾਣੀ ਨਹੀਂ ਹੈ।

ਗੁਰਦਾਸਪੁਰ ਦੇ ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਇੱਕ ਦਿਨਾ ਯਾਤਰਾ 3 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ। ਅੱਜ ਪ੍ਰਸ਼ਾਸਨ ਸਥਿਤੀ ਦਾ ਜਾਇਜ਼ਾ ਲਵੇਗਾ ਅਤੇ ਐਤਵਾਰ ਤੋਂ ਯਾਤਰਾ ਮੁੜ ਸ਼ੁਰੂ ਹੋ ਸਕਦੀ ਹੈ।