ਦੁਣੀਆ ‘ਚ ਮਸ਼ਹੂਰ ਭਜਨ ਲੇਖਕ ਬਲਬੀਰ ਨਿਰਦੋਸ਼ ਨਹੀਂ ਰਹੇ

0
1026
ਲਤਾ ਮੰਗੇਸ਼ਕਰ ਆਪਣੀ ਕੈਸੇਟ ਜਗਰਾਤਾ ਦੇ ਸਾਰੇ ਭਜਨ ਲਿਖਣ ਤੇ ਬਲਬੀਰ ਨਿਰਦੋਸ਼ ਜੀ ਨੂੰ ਗੁਲਦਸਤਾ ਭੇਂਟ ਕਰਕੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹੋਏ।

ਜਲੰਧਰ. ਦੁਣੀਆ ‘ਚ ਮਸ਼ਰੂਰ ਭਜਨ ਲੇਖਕ ‘ਸ਼ਿਵ ਅਮ੍ਰਿਤਵਾਣੀ‘ ਦੇ ਰਚਨਾਕਾਰ ਬਲਬੀਰ ਨਿਰਦੋਸ਼ ਅੱਜ ਇਸ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਕੇ ਮਾਂ ਤਿਰੁਪਰਮਾਲਿਨੀ ਦੇ ਚਰਨਾਂ ਵਿੱਚ ਵਿਲੀਨ ਹੋ ਗਏ। ਉਹਨਾਂ ਦਾ ਅੰਤਿਮ ਸੰਸਕਾਰ 25 ਫਰਵਰੀ, 2020 ਨੂੰ ਦੁਪਹਿਰ 12 ਵਜੇ ਕਿਸ਼ਨਪੁਰਾ ਦੇ ਸ਼ਮਸ਼ਾਨਘਾਟ ਵਿੱਖੇ ਹੋਵੇਗਾ। ਅੰਤਮ ਯਾਤਰਾ ਸਵੇਰੇ 11 ਵਜੇ ਉਹਨਾਂ ਦੇ ਨਿਵਾਸ ਸਥਾਨ ਮਕਾਨ ਨੰਬਰ 29, ਤਹਿਸਿਲਦਾਰਾਂ ਦੀ ਗਲੀ, ਪੁਰਾਣੀ ਰੇਲਵੇ ਰੋਡ ਜਲੰਧਰ ਤੋਂ ਸੁਰੂ ਹੋਵੇਗੀ। ਜੋ ਸਿੱਧ ਸ਼ਕਤੀਪੀਠ ਵਿਸ਼ਵਮੁਖੀ ਸ਼੍ਰੀ ਤ੍ਰਿਪੁਰਮਾਲਿਨੀ ਦਰਬਾਰ ਤੋਂ ਹੁੰਦੇ ਹੋਏ ਦੁਪਹਿਰ 12 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ ਪਹੁੰਚੇਗੀ। ਨਿਰਦੋਸ਼ ਨੇ ਸਾਰੇ ਦੇਵੀ ਦੇਵਤਿਆਂ ਦੇ 40 ਦੇ ਕਰੀਬ ਅਮ੍ਰਿਤਵਾਣੀਆਂ ਲਿਖੀਆਂ ਹਨ। ਉਹਨਾਂ ਵਿਚੋਂ ‘ਸ਼ਿਵ ਅਮ੍ਰਿਤਵਾਣੀ‘ ਸਭ ਤੋਂ ਪ੍ਰਸਿੱਧ ਹੈ। ਮਹਾਂ ਸ਼ਿਵਰਾਤਰੀ ਤਿਉਹਾਰ ‘ਤੇ ਵੀ, ਇਹ ਰਚਨਾ ਹਰ ਮੰਦਰ ਵਿੱਚ ਗੂੰਜਦੀ ਹੈ। ਹੁਣ ਤੱਕ ਬਲਬੀਰ 25000 ਤੋਂ ਵੱਧ ਭੇਟਾਂ ਲਿਖ ਚੁੱਕੇ ਹਨ। ਜੋ ਆਪਣੇ ਆਪ ਵਿੱਚ ਰਿਕਾਰਡ ਹੈ। ਦੇਸ਼ ਦੇ ਹਰ ਪ੍ਰਸਿੱਧ ਗਾਇਕ ਨੇ ਬਲਬੀਰ ਨਿਰਦੋਸ਼ ਦੀਆਂ ਲਿਖਿਆ ਭੇਟਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਜਿੰਨਾ ਵਿੱਚ ਲਤਾ ਮੰਗੇਸ਼ਕਰ, ਅਨੁਰਾਧਾ ਪੌਂਡਵਾਲ, ਨਰੇਂਦਰ ਚੰਚਲ, ਸਾਧਨਾ ਸਰਗਮ, ਅਨੂਪ ਜਲੋਟਾ, ਅਲਕਾ ਯਾਗਨਿਕ, ਸੋਨੂ ਨਿਗਮ, ਉਦੀਤ ਨਾਰਾਇਨ ਆਦਿ। ਨਿਰਦੋਸ਼ ਦੇ ਸਦੀਵੀ ਵਿਛੋੜੇ ਦੀ ਖਬਰ ਸੁਣ ਦੇਸ਼ ਦੇ ਸੰਗੀਤ ਜਗਤ ਵਿੱਚ ਸ਼ੋਕ ਦੀ ਲਹਿਰ ਦੋੜ ਗਈ ਹੈ।

ਬਲਬੀਰ ਨਿਰਦੋਸ਼ ਦੇ ਜਨਮ ਦੀ ਕਥਾ ਵੀ ਹੈ ਦਿਵਯ

ਬਲਬੀਰ ਨਿਰਦੋਸ਼ ਦਾ ਜਨਮ ਜਲੰਧਰ ਦੇ ਪਿੰਡ ਕੋਟਲੀ ਥਾਨ ਸਿੰਘ ਵਿੱਚ ਪਿਤਾ ਰਾਮ ਲਾਲ ਤੇ ਮਾਤਾ ਸ਼੍ਰੀਮਤੀ ਦਵਾਰਿਕਾ ਦੇਵੀ ਦੇ ਘਰ 30 ਦਿਸੰਬਰ, 1935 ਨੂੰ ਹੋਇਆ ਸੀ। ਉਹਨਾਂ ਦੀ ਮਾਤਾ ਦਵਾਰਿਕਾ ਦੇਵੀ ਵੀ ਧਾਰਮਿਕ ਖਿਆਲਾਂ ਦੀ ਮਾਲਕ ਸੀ। ਬਲਬੀਰ ਸਿੰਘ ਜੀ ਦੇ ਜਨਮ ਦੀ ਕਹਾਣੀ ਵੀ ਦਿਵਯ ਹੈ। 30 ਦਿਸੰਬਰ, 1934 ਨੂੰ ਪਿੰਡ ਕੋਟਲੀ ਥਾਨ ਸਿੰਘ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਬ ਦੇ ਮੌਕੇ ਨਗਰ ਕੀਰਤਨ ਨਿਕਲ ਰਿਹਾ ਸੀ। ਉਸੇ ਸਮੇਂ ਇਕ ਬੱਚਾ ਛਤ ਤੋਂ ਪਾਲਕੀ ਸਾਹਿਬ ਅੱਗੇ ਡਿੱਗ ਕੇ ਮਰ ਗਿਆ। ਰਾਗੀ ਜੱਥੇ ਨੇ ਕਿਹਾ ਸੀ ਕਿ ਜਿਸ ਘਰ ਦਾ ਚਿਰਾਗ ਬੁੱਝੀਆ ਹੈ, ਉਸ ਘਰ ਵਿੱਚ ਇਕ ਸਾਲ ਬਾਅਦ ਖੁਸ਼ੀਆਂ ਜਰੂਰ ਆਉਣਗਿਆਂ। ਠੀਕ ਇਕ ਸਾਲ ਬਾਅਦ ਬਲਬੀਰ ਨਿਰਦੋਸ਼ ਦਾ ਜਨਮ ਹੋਇਆ। ਪਰਿਵਾਰ ਨੇ ਇਹਨਾਂ ਦਾ ਨਾਂ ਰੱਖੀਆ ਗੋਬਿੰਦ ਪ੍ਰਕਾਸ਼। ਜਦੋਂ ਪਿਤਾ ਇਹਨਾਂ ਨੂੰ ਗੋਇੰਦਵਾਲ ਸਾਹਿਬ ਲੈ ਕੇ ਗਏ ਤਾਂ ਸੰਤ ਨੇ ਇਹਨਾਂ ਦਾ ਨਾਂ ਰੱਖ ਦਿੱਤਾ ਬਲਬੀਰ। ਬਚਪਨ ਤੋਂ ਹੀ ਤੁਕਬੰਦੀ ਕਰਕੇ ਆਪ ਲਿਖਣ ਲੱਗ ਗਏ ਸਨ। ਖੇਡਦੇ ਸਮੇਂ ਹੋਰ ਬੱਚੇ ਸ਼ਰਾਰਤਾਂ ਕਰਕੇ ਬਚ ਜਾਂਦੇ ਸਨ ਤੇ ਪਿਟਾਈ ਇਹਨਾਂ ਦੀ ਹੋ ਜਾਂਦੀ ਸੀ ਤਾਂ ਇਕ ਸ਼ਾਈਰ ਦੋਸਤ ਨੇ ਕਿਹਾ ਤੂੰ ਨਿਰਦੋਸ਼ ਹੀ ਮਾਰ ਖਾਂਦਾ ਰਹਿੰਦਾ ਹੈ। ਤੇਰਾ ਨਾਂ ਹੀ ਬਲਬੀਰ ਨਿਰਦੋਸ਼ ਹੋਣਾ ਚਾਹੀਦਾ ਹੈ।

ਸ਼ਹਿਰ ਆ ਕੇ ਸ਼ੁਰੂ ਕੀਤਾ ਧਾਰਮਿਕ ਲੇਖਣੀ ਦਾ ਸਫਰ ਤੇ ਪਹੁੰਚ ਗਏ ਮੁੰਬਈ

ਬਲਬੀਰ ਨਿਰਦੋਸ਼ ਦੇ ਲਿਖੇ ਗੀਤ ਤੇ ਚਰਚਾ ਕਰਦੇ ਹੋਏ ਭਜਨ ਗਾਇਕ ਅਨੂਪ ਜਲੋਟਾ।

1956 ਵਿੱਚ ਜਦੋਂ ਆਪ ਪਿੰਡ ਛੱਡ ਕੇ ਸ਼ਹਿਰ ਆਏ ਤਾਂ ਅੱਡਾ ਹੋਸ਼ਿਆਰਪੁਰ ਦੇ ਨੇੜੇ ਨਿਵਾਸ ਬਣਾਈਆ। ਕੋਟ ਪਕਸ਼ਿਆਂ ਨੇੜੇ ਪ੍ਰੇਮ ਸੇਵਕ ਸਭਾ ਬਣਾਈ। ਉੱਥੇ ਆਪ ਸਥਾਨਕ ਗਾਇਕ ਜੋਗਿੰਦਰ ਜੈਨ, ਅਰਜਨ ਦੇਵ ਅਮਰ ਅਤੇ ਰਾਮ ਜੀ ਦਾਸ ਨਿਰਮੋਹੀ ਦੇ ਨਾਲ ਜੁੜ ਗਏ। ਅਗਲੇ ਸਾਲ ਜੋਗਿੰਦਰ ਜੈਨ ਨੇ ਆਪ ਨੂੰ ਕ੍ਰਿਸ਼ਨਾ ਡ੍ਰਾਮਾਟਿਕ ਕਲਬ ਲਕਸ਼ਮੀਪੁਰਾ ਨਾਲ ਜੋੜ ਲਿਆ। ਇਥੋਂ ਹੀ ਅਸਲ ਵਿੱਚ ਆਪ ਦਾ ਧਾਰਮਿਕ ਲੇਖਨ ਦਾ ਸਫਰ ਸ਼ੁਰੂ ਹੋਇਆ। ਆਪ ਨੇ ਪਹਿਲਾ ਜਾਗਰਣ ਮੰਡਲੀ ਬਣਾਈ ‘ਨਿਰਦੋਸ਼ ਏਂਡ ਪਾਰਟੀ’। ਮੁੰਬਈ ਵਿੱਚ ਇਕ ਜਾਗਰਣ ਦੇ ਸਿਲਸਿਲੇ ਵਿੱਚ ਗਏ ਤਾਂ ਉੱਥੇ ਕੁੱਝ ਸੰਗੀਤਕਾਰਾਂ ਨਾਲ ਮੇਲ ਹੋਇਆ, ਪਰ ਗਲ ਬਣੀ ਨਹੀਂ।

1976 ਵਿੱਚ ਆਪ ਨੇ ਪਿੰਡ ਵਿੱਚ ਬਚੀ ਆਪਣੀ ਜਮੀਨ ਬੇਚ ਕੇ ਦੋਸਤਾਂ ਨਾਲ ਮਿਲ ਕੇ ਦੋ ਫਿਲਮਾਂ ਬਣਾਈਆਂ। 1979 ਵਿੱਚ ਜੈ ਬਾਬਾ ਬਾਲਕ ਨਾਥ ਅਤੇ 1982 ਵਿੱਚ ਜੈ ਮਾਂ ਚਿੰਤਪੁਰਨੀ ਵਿੱਚ ਗੀਤ ਵੀ ਲਿਖੇ। ਆਪ ਦਾ ਹੋਂਸਲਾ ਤਾਂ ਵਧੀਆ ਜੱਦ ਆਪ ਦੇ ਲਿੱਖੇ ਇਹਨਾਂ ਗੀਤਾਂ ਨੂੰ ਮੁਹੰਮਦ ਰਫੀ, ਮਹੇਂਦਰ ਕਪੂਰ, ਅਨੁਰਾਧਾ ਪੌਂਡਵਾਲ, ਨਰੇਂਦਰ ਚੰਚਲ ਅਤੇ ਉਸ਼ਾ ਮੰਗੇਸ਼ਕਰ ਨੇ ਆਵਾਜ਼ ਦਿੱਤੀ। ਇਹਨਾਂ ਗੀਤਕਾਰਾਂ ਨਾਲ ਆਪ ਦੀ ਦੋਸਤੀ ਇੰਨੀ ਵੱਧ ਗਈ ਕਿ ਆਪ ਮੁੰਬਈ ਪੁੱਜ ਗਏ। ਉੱਥੇ ਦੋ ਤਿੰਨ ਹਿੰਦੀ ਫਿਲਮਾਂ ‘ਚ ਗਾਣੇ ਲਿਖੇ ਪਰ ਮਿਲਿਆ ਕੁੱਝ ਨਹੀਂ।

ਗਰੀਬੀ ਤੋਂ ਨਿਰਾਸ਼ ਹੋ ਕੇ ਜਲੰਧਰ ਵਾਪਸ ਆਉਣ ਦਾ ਕਰ ਲਿਆ ਸੀ ਫੈਸਲਾ

ਗਰੀਬੀ ਤੋਂ ਨਿਰਾਸ਼ ਹੋ ਕੇ ਆਪਣੇ ਜਲੰਧਰ ਵਾਪਸ ਆਉਣ ਦਾ ਫੈਸਲਾ ਲੈ ਲਿਆ। ਵਾਪਸ ਆਉਣ ਤੋਂ ਪਹਿਲਾਂ ਆਪ ਆਪਣੇ ਦੋਸਤ ਸੁਰਿੰਦਰ ਕੋਹਲੀ ਦੇ ਘਰ ਗਏ। ਕੋਹਲੀ ਅਜੇ ਆਪ ਨੂੰ ਹੋਂਸਲਾ ਦੇ ਹੀ ਰਹੇ ਸਨ ਕਿ ਉਸੇ ਸਮੇਂ ਉਹਨਾਂ ਨੂੰ ਟੀ ਸੀਰਿਜ਼ ਕੈਸੇਟ ਕੰਪਨੀ ਦੇ ਮਾਲਿਕ ਗੁਲਸ਼ਨ ਕੁਮਾਰ ਦਾ ਫੌਨ ਆ ਗਿਆ। ਉਹਨਾਂ ਨੇ ਕਿਹਾ ਕਿ ਤਿੰਨ ਕੈਸੇਟਾਂ ਰਿਕਾਰਡ ਕਰਨੀਆਂ ਹਨ, ਇੱਕ ਅਨੁਰਾਧਾ ਪੌਂਡਵਾਲ, ਦੂਜੀ ਮਹੇਂਦਰ ਕਪੂਰ ਦੇ ਲਈ ਅਤੇ ਤੀਜੀ ਦੋਵਾਂ ਦੀ ਇੱਕਠੀਆਂ। ਉਸ ਸਮੇਂ ਗੁਲਸ਼ਨ ਕੁਮਾਰ ਮਾਤਾ ਵੈਸ਼ਣੋ ਦੇਵੀ ਜੀ ਦੇ ਦਰਬਾਰ ਜਾਈਆ ਕਰਦੇ ਸੀ। ਉੱਥੇ ਸਟਾਲਾਂ ਤੇ ਮਾਤਾ ਰਾਣੀ ਦੀਆਂ ਭੇਟਾਂ ਤੇ ਕਿੱਸੇ ਵਿਕ ਰਹੇ ਹੁੰਦੇ ਸੀ, ਜੋ ਬਲਬੀਰ ਨਿਰਦੋਸ਼ ਦੇ ਲਿੱਖੇ ਹੋਏ ਸੀ। ਗੁਲਸ਼ਨ ਕੁਮਾਰ ਜੀ ਨੇ ਕੋਹਲੀ ਨੂੰ ਕਿਹਾ ਕਿ ਜਲੰਧਰ ਵਿੱਚ ਕੋਈ ਨਿਰਦੋਸ਼ ਹੈ ਜੋ ਛੋਟੀ-ਛੋਟੀ ਕਿਤਾਬਾਂ ਲਿੱਖਦਾ ਹੈ, ਉਸ ਨਾਲ ਸੰਪਰਕ ਕਰ ਲਉ। ਕੋਹਲੀ ਨੇ ਕਿਹਾ ਕਿ ਨਿਰਦੋਸ਼ ਉਸਦੇ ਕੋਲ ਹੀ ਬੈਠੇ ਹਨ। ਜਿਸ ‘ਤੇ ਗੁਲਸ਼ਨ ਕੁਮਾਰ ਨੇ ਨਿਰਦੋਸ਼ ਨੂੰ ਤੁਰੰਤ ਆਪਣੇ ਦਫਤਰ ਲੈ ਕੇ ਆਉਣ ਲਈ ਕਿਹਾ। ਇਸ ਤਰਾਂ ਬਲਬੀਰ ਨਿਰਦੋਸ਼ ਦਾ ਸੰਪਰਕ ਗੁਲਸ਼ਨ ਕੁਮਾਰ ਜੀ ਨਾਲ ਹੋਇਆ ਤੇ ਫਿਰ ਉਹਨਾਂ ਨੇ ਮੁੜ ਕੇ ਕਦੇ ਨਹੀਂ ਦੇਖਿਆ।

ਘਰ-ਘਰ ਸੁਣੀਆ ਜਾਂਦੀਆਂ ਨੇ ਨਿਰਦੋਸ਼ ਜੀ ਦੀਆਂ ਲਿਖੀਆਂ ਕਈ ਭੇਟਾਂ  

ਸਦੀ ਦੇ ਮਹਾਨ ਗਾਇਕ ਮੁਹੰਮਦ ਰਫੀ ਨਾਲ ਆਪਣੇ ਲਿਖੇ ਇਕ ਭਜਨ ਬਾਰੇ ਚਰਚਾ ਕਰਦੇ ਹੋਏ ਬਲਬੀਰ ਨਿਰਦੋਸ਼।

ਨਿਰਦੋਸ਼ ਦੀਆਂ ਭੇਟਾਂ ਵੱਡੇ-ਵੱਡੇ ਗਾਇਕ ਗਾ ਰਹੇ ਸਨ, ਪਰ ਜੇਬਾਂ ਖਾਲੀ ਸਨ। 1992 ਵਿੱਚ ਆਪ ਦੀ ਪਤਨੀ ਆਪ ਨੂੰ ਵਿਛੋੜਾ ਦੇ ਗਈ। ਗਰੀਬੀ ਹਾਲੇ ਵੀ ਨਾਲ ਸੀ। ਉਸ ਸਮੇਂ ਆਪ ਨੇ ਸੋਨੂ ਨਿਗਮ ਦੀ ਕੈਸੇਟ ਲਈ ਭੇਂਟ ਲਿਖੀ। ਜਿਸ ਦੀਆਂ ਭੇਟਾਂ ਵਿੱਚ ਆਪ ਦਾ ਦੁਖ-ਦਰਦ ਝਲਕ ਰਿਹਾ ਸੀ – ‘ਕਭੀ ਫੁਰਸਤ ਹੋ ਤੇ ਜਗਦੰਬੇ, ਨਿਰਧਨ ਕੇ ਘਰ ਵੀ ਆ ਜਾਣਾ’ ਉਸ ਸਮੇਂ ਗੁਲਸ਼ਨ ਕੁਮਾਰ ਨੇ ਆਪ ਨੂੰ ਖੁਸ਼ ਹੋ ਕੇ ਮਾਰੂਤੀ ਕਾਰ ਭੇਂਟ ਕੀਤੀ ਸੀ। ਭਾਰਤ ਰਤਨ ਅਵਾਰਡ ਨਾਲ ਨਵਾਜੀ ਗਈ ਗਾਇਕਾ ਲਤਾ ਮੰਗੇਸ਼ਕਰ ਨੇ ਆਪ ਦੀ ਕੈਸੇਟ ਜਗਰਾਤਾ ਵਿੱਚ ਆਪਣੀ ਆਵਾਜ਼ ਦਿੱਤੀ ਹੈ। ਇਸਦੀ ਇਕ ਭੇਂਟ ਅੱਜ ਵੀ ਘਰ-ਘਰ ਵਿੱਚ ਸੁਣੀ ਜਾਂਦੀ ਹੈ- ‘ਅੱਜ ਤੇਰਾ ਜਗਰਾਤਾ ਨੀ ਮਾਤਾ, ਅੱਜ ਤੇਰਾ ਜਗਰਾਤਾ’ 20 ਭੇਟਾਂ ਵਾਲੀ ਇਸ ਕੈਸੇਟ ਦੇ ਹਰ ਗੀਤ ਨੂੰ ਬਲਬੀਰ ਨਿਰਦੋਸ਼ ਨੇ ਲਿਖਿਆ ਹੈ।  1993 ਤੋਂ ਆਪ ਪ੍ਰਸਿੱਧ ਭਜਨ ਗਾਇਕ ਨਰੇਂਦਰ ਚੰਚਲ ਨਾਲ ਜੁੜ ਗਏ। ‘ਮਾਂ ਨੇ ਆਪ ਬੁਲਾਇਆ ਹੈ, ਹੁਣ ਮੋਜਾਂ ਹੀ ਮੋਜਾਂ’, ‘ਮਾਂ ਦੀਏ ਮੂਰਤੀਏ, ਹੱਸ ਕੇ ਮੇਰੇ ਨਾਲ ਬੋਲ’ ਆਦਿ ਭੇਂਟਾਂ ਬਹੁਤ ਪ੍ਰਸਿੱਧ ਹੋਇਆਂ ਅਤੇ ਫਿਰ ਲਿਖਦੇ-ਲਿਖਦੇ ਹੀ ਚਲੇ ਗਏ ਬਲਬੀਰ ਨਿਰਦੋਸ਼।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।