1988 ‘ਚ ਬੰਬ ਧਮਾਕੇ ‘ਚ ਵਾਲ-ਵਾਲ ਬਚੀ ਸੀ ਔਰਤ, 32 ਸਾਲ ਬਾਅਦ ਸਰੀਰ ‘ਚੋਂ ਨਿਕਲੇ ਬੰਬ ਦੇ ਟੁਕੜੇ

0
3925

ਧਰਮਿੰਦਰ ਠਾਕੁਰ | ਪਠਾਨਕੋਟ

ਇਹ ਖਬਰ ਪੜ੍ਹਣ ‘ਚ ਤੁਹਾਨੂੰ ਅਜੀਬ ਜ਼ਰੂਰ ਲੱਗ ਸਕਦੀ ਹੈ ਪਰ ਹੈ 100 ਫੀਸਦੀ ਸੱਚ। ਅੱਜ ਤੋਂ 32 ਸਾਲ ਪਹਿਲਾਂ 1988 ਵਿੱਚ ਇੱਕ ਬੰਬ ਧਮਾਕਾ ਹੋਇਆ ਸੀ। ਧਮਾਕੇ ਵਿੱਚ ਕਮਲਾ ਦੇਵੀ ਜਖਮੀ ਹੋ ਗਏ ਸਨ। ਬਾਜੂ ਅਤੇ ਪੈਰ ਕੱਟਣਾ ਪਿਆ ਸੀ। ਹੁਣ ਹਾਲਤ ਵਿਗੜੀ ਤਾਂ ਡਾਕਟਰਾਂ ਨੇ ਸਰੀਰ ਵਿੱਚੋਂ ਬੰਬ ਦੇ 2 ਹੋਰ ਟੁੱਕੜੇ ਕੱਢੇ ਹਨ।

ਕਮਲਾ ਦੇਵੀ ਦੇ ਜਵਾਈ ਬੋਧੂ ਸਿੰਘ ਨੇ ਦੱਸਿਆ ਕਿ 1988 ‘ਚ ਉਨ੍ਹਾਂ ਦੀ ਸੱਸ ਕੰਮ ਤੋਂ ਘਰ ਪਰਤ ਰਹੀ ਸੀ। ਗਾਂਧੀ ਚੌਕ ਨੇੜੇ ਬੰਬ ਧਮਾਕਾ ਹੋ ਗਿਆ। ਉਹ ਬੁਰੀ ਤਰ੍ਹਾਂ ਜਖਮੀ ਹੋ ਗਏ ਸਨ। ਇਲਾਜ ਦੌਰਾਨ ਉਨ੍ਹਾਂ ਦੀ ਸੱਜੀ ਬਾਂਹ ਅਤੇ ਗੋਢੇ ਦੇ ਥੱਲੇ ਦਾ ਇਕ ਪੈਰ ਵੱਢਣਾ ਪਿਆ ਸੀ। ਇਸ ਤੋਂ ਬਾਅਦ ਉਹ ਠੀਕ ਹੋ ਗਏ ਸਨ।

ਪਿਛਲੇ ਕੁਝ ਟਾਇਣ ਤੋਂ ਉਨ੍ਹਾਂ ਦੇ ਪੱਟ ‘ਚ ਦਰਦ ਰਹਿੰਦੀ ਸੀ। ਕਈ ਥਾਂ ਇਲਾਜ ਤੋਂ ਬਾਅਦ ਵੀ ਕੋਈ ਫਰਕ ਨਾ ਪਿਆ। ਅਖੀਰ ਪਤਾ ਲੱਗਾ ਕਿ ਉਨ੍ਹਾਂ ਦੇ ਸਰੀਰ ਦੇ ਬੰਬ ਦੇ ਟੁੱਕੜੇ ਹਨ। ਬੰਬ ਦੇ ਟੁਕੜਿਆਂ ਵਿੱਚ ਇਨਫੈਕਸ਼ਨ ਵੱਧ ਰਹੀ ਸੀ।

ਆਪ੍ਰੇਸ਼ਨ ਕਰਨ ਵਾਲੇ ਡਾਕਟਰ ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਐਕਸਰੇ, ਸੀਟੀ ਸਕੈਨ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਪੱਟ ਵਿੱਚ 20 ਐਮਐਮ ਦਾ ਮੈਟਲ ਦਾ ਟੁੱਕੜਾ ਹੈ। ਉਹ ਨੱਟ-ਬੋਲਟ ਵਰਗਾ ਵਿਖਾਈ ਦਿੰਦਾ ਹੈ। ਜਦੋਂ ਮਰੀਜ ਉਨ੍ਹਾਂ ਦੇ ਕੋਲ ਆਇਆ ਤਾਂ ਉਸ ਦੀ ਹਾਲਤ ਨਾਜੁਕ ਬਣੀ ਹੋਈ ਸੀ। ਪੱਟ ਵਿੱਚ ਇਨਫੈਕਸ਼ਨ ਫੈਲ ਚੁੱਕਿਆ ਸੀ। ਸ਼ੂਗਰ ਹੋਣ ਕਾਰਨ ਇਨਫੈਕਸ਼ਨ ਕਿਡਨੀ ਅਤੇ ਲੀਵਰ ਵੱਲ ਵੱਧ ਰਿਹਾ ਸੀ।

ਪੰਜ ਡਾਕਟਰਾਂ ਨੇ ਆਪ੍ਰੇਸ਼ਨ ਕੀਤਾ। ਉਨ੍ਹਾਂ ਦੇ ਸਰੀਰ ਵਿੱਚੋਂ ਬੰਬ ਦੇ 2 ਟੁੱਕੜੇ ਬਾਹਰ ਕੱਢ ਲਏ ਗਏ। ਇੱਕ 20 ਐਮਐਮ ਅਤੇ ਦੂਜਾ 15 ਐਮਐਮ ਦਾ ਹੈ।

ਪਠਾਨਕੋਟ ਦੇ ਪਿੰਡ ਜਾਖੀਆ ਲਹੜੀ ਦੀ ਰਹਿਣ ਵਾਲੀ 62 ਸਾਲ ਦੀ ਕਮਲਾ ਦੇਵੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।