NRI ਪਤੀ ਦਾ ਕਤਲ ਕਰਨ ਵਾਲੀ ਔਰਤ ਨੂੰ ਹੋਈ ਫਾਂਸੀ ਦੀ ਸਜ਼ਾ, ਪ੍ਰੇਮੀ ਨੂੰ ਸੁਣਾਈ ਉਮਰਕੈਦ

0
1013

ਲੁਧਿਆਣਾ/ਕਪੂਰਥਲਾ/ ਸ਼ਾਹਜਹਾਨਪੁਰ | 7 ਸਾਲ ਪੁਰਾਣੇ ਐਨ.ਆਰ.ਆਈ. ਸੁਖਜੀਤ ਸਿੰਘ ਕਤਲਕਾਂਡ ’ਚ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਪ੍ਰੇਮੀ ਗੁਰਪ੍ਰੀਤ ਸਿੰਘ ਉਰਫ਼ ਮਿੱਠੂ ਨੂੰ ਉਮਰ ਕੈਦ ਹੋਈ ਹੈ। ਅਪਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੰਕਜ ਸ੍ਰੀਵਾਸਤਵ ਨੇ 5 ਅਕਤੂਬਰ ਨੂੰ ਦੋਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸ਼ਨਿਵਾਰ ਨੂੰ ਦੋਹਾਂ ਨੂੰ ਸਜ਼ਾ ਸੁਣਾਈ ਗਈ।

ਬੰਡਾ ਦੇ ਬਸੰਤਾਪੁਰ ਦਾ ਮੂਲ ਵਾਸੀ ਸੁਖਜੀਤ ਸਿੰਘ ਇੰਗਲੈਂਡ ਦੇ ਡਰਬੀਸ਼ਾਇਰ ’ਚ ਰਹਿੰਦਾ ਸੀ। ਉਸ ਦੀ ਮਾਂ ਵੰਸ਼ ਕੌਰ ਪਿੰਡ ਬਸੰਤਾਪੁਰ ’ਚ ਫ਼ਾਰਮ ਹਾਊਸ ’ਤੇ ਖੇਤੀ ਕਰਦੀ ਸੀ। ਸੁਖਜੀਤ ਦੀ ਪੰਜਾਬ ਦੇ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਜੈਨਪੁਰ ਦੇ ਮੂਲ ਵਾਸੀ ਅਤੇ ਦੁਬਈ ’ਚ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ਼ ਮਿੱਠੂ ਨਾਲ ਦੋਸਤੀ ਸੀ।

ਮਿੱਠੂ ਅਕਸਰ ਇੰਗਲੈਂਡ ਅਤੇ ਸੁਖਜੀਤ ਦੁਬਈ ਜਾ ਕੇ ਇਕ-ਦੂਜੇ ਦੇ ਘਰ ਰੁਕਦੇ ਸਨ। ਇਸ ਦੌਰਾਨ ਮਿੱਠੂ ਅਤੇ ਸੁਖਜੀਤ ਦੀ ਪਤਨੀ ਰਮਨਦੀਪ ਕੌਰ ’ਚ ਪ੍ਰੇਮ ਹੋ ਗਿਆ। ਸੁਖਜੀਤ ਨੂੰ ਆਪਣੇ ਰਸਤੇ ’ਚੋਂ ਹਟਾਉਣ ਲਈ ਦੋਹਾਂ ਨੇ ਸੁਖਜੀਤ ਨਾਲ ਇੰਗਲੈਂਡ ਤੋਂ ਭਾਰਤ ਆ ਕੇ ਛੁੱਟੀਆਂ ਮਨਾਉਣ ਦੀ ਯੋਜਨਾ ਬਣਾਈ। 28 ਜੁਲਾਈ, 2016 ਨੂੰ ਸੁਖਜੀਤ ਆਪਣੀ ਪਤਨੀ, ਬੱਚਿਆਂ ਅਤੇ ਦੋਸਤ ਮਿੱਠੂ ਨਾਲ ਭਾਰਤ ਆਏ ਸਨ। ਦੇਸ਼ ’ਚ ਕਈ ਥਾਵਾਂ ’ਤੇ ਘੁੰਮਣ ਤੋਂ ਬਾਅਦ ਉਹ 15 ਅਗਸਤ ਨੂੰ ਫ਼ਾਰਮ ਹਾਊਸ ’ਤੇ ਬਸੰਤਾਪੁਰ ਪੁੱਜੇ।

ਇਕ ਸਤੰਬਰ ਦੀ ਰਾਤ ਸੁਖਜੀਤ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ’ਚ ਪੁਲਿਸ ਨੇ ਮਿੱਠੂ ਅਤੇ ਰਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰਕੇ ਘਟਨਾ ਬਾਰੇ ਦੱਸਿਆ ਸੀ। ਪੁਲਿਸ ਅਨੁਸਾਰ ਪ੍ਰੇਮ ਸਬੰਧਾਂ ਕਾਰਨ ਰਮਨਦੀਪ ਕੌਰ ਨੇ ਪ੍ਰੇਮੀ ਗੁਰਪ੍ਰੀਤ ਸਿੰਘ ਉਰਫ਼ ਮਿੱਠੂ ਨਾਲ ਮਿਲ ਕੇ ਸੁਖਜੀਤ ਦਾ ਕਤਲ ਕੀਤਾ ਸੀ। ਪੁਲਿਸ ਨੇ ਦੋਹਾਂ ਨੂੰ ਅਦਾਲਤ ’ਚ ਪੇਸ਼ ਕਰਕੇ ਜੇਲ ਭੇਜਿਆ ਸੀ।

ਸਹਾਇਕ ਜ਼ਿਲ੍ਹਾ ਸਰਕਾਰੀ ਵਕੀਲ ਸ੍ਰੀਪਾਲ ਸ਼ਰਮਾ ਨੇ ਦੱਸਿਆ ਕਿ ਬੰਡਾ ਪੁਲਿਸ ਨੇ ਰਮਨਦੀਪ ਅਤੇ ਮਿੱਠੂ ਵਿਰੁੱਧ ਚਾਰਜਸ਼ੀਟ ਅਦਾਲਤ ’ਚ ਭੇਜੀ ਸੀ। ਮੁਕੱਦਮਾ ਚੱਲਣ ਦੌਰਾਨ 16 ਗਵਾਹ ਅਦਾਲਤ ’ਚ ਪੇਸ਼ ਕੀਤੇ ਗਏ। ਵੀਰਵਾਰ ਨੂੰ ਅਦਾਲਤ ਨੇ ਗਵਾਹਾਂ ਦੇ ਬਿਆਨ ਅਤੇ ਸਰਕਾਰੀ ਵਕੀਲ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਰਮਨਦੀਪ ਅਤੇ ਗੁਰਪ੍ਰੀਤ ਸਿੰਘ ਉਰਫ਼ ਮਿੱਠੂ ਨੂੰ ਦੋਸ਼ੀ ਠਹਿਰਾਇਆ ਤੇ ਰਮਨਦੀਪ ਕੌਰ ਨੂੰ ਫਾਂਸੀ ਦੀ ਸਜ਼ਾ ਅਤੇ ਉਸ ਦੇ ਪ੍ਰੇਮੀ ਮਿੱਠੂ ਨੂੰ ਉਮਰਕੈਦ ਦੀ ਸਜ਼ਾ ਸੁਣਾਈ।

35 ਵਰ੍ਹਿਆਂ ਦੇ ਸੁਖਜੀਤ ਦਾ 9 ਸਾਲਾਂ ਦਾ ਪੁੱਤਰ ਉਸ ਦੇ ਕਤਲ ਦਾ ਮੁੱਖ ਗਵਾਹ ਸੀ। ਅਸਲ ’ਚ ਕਤਲ ਕਰਨ ਤੋਂ ਪਹਿਲਾਂ ਰਮਨਦੀਪ ਕੌਰ ਅਤੇ ਮਿੱਠੂ ਸਿੰਘ ਨੇ ਪੂਰੇ ਪਰਿਵਾਰ ਨੂੰ ਖਾਣੇ ’ਚ ਸੌਣ ਦੀ ਦਵਾਈ ਮਿਲਾ ਕੇ ਦੇ ਦਿੱਤੀ ਸੀ ਪਰ ਸੁਖਜੀਤ ਦੇ ਵੱਡੇ ਪੁੱਤਰ ਨੇ ਉਸ ਰਾਤ ਦਾਲ-ਚੌਲ ਦੀ ਬਜਾਏ ਮੈਗੀ ਖਾਧੀ ਸੀ, ਜਿਸ ਕਾਰਨ ਰੌਲਾ ਸੁਣ ਕੇ ਉਸ ਦੀ ਨੀਂਦ ਖੁੱਲ੍ਹ ਗਈ ਸੀ।

2016 ’ਚ ਉਸ ਨੇ ਪੁਲਿਸ ਨੂੰ ਕਿਹਾ ਸੀ, ‘‘ਮੇਰੇ ਪਿਤਾ ਬਹੁਤ ਚੰਗੇ ਹਨ ਪਰ ਮੇਰੀ ਮਾਂ ਬਹੁਤ ਬੁਰੀ ਹੈ। ਮੈਂ ਉਸ ਦਾ ਕਦੇ ਮੂੰਹ ਨਹੀਂ ਵੇਖਣਾ ਚਾਹੁੰਦਾ ਕਿਉਂਕਿ ਉਸ ਨੇ ਮੇਰੀਆਂ ਅੱਖਾਂ ਸਾਹਮਣੇ ਮੇਰੀ ਮਾਂ ਨੂੰ ਮਾਰ ਦਿੱਤਾ। ਉਸ ਨੇ ਮੇਰੇ ਪਿਤਾ ਦੇ ਮੂੰਹ ’ਤੇ ਸਿਰਹਾਣਾ ਰੱਖਿਆ ਅਤੇ ਗੁਰਪ੍ਰੀਤ ਨੂੰ ਉਸ ਦਾ ਗਲਾ ਵੱਢਣ ਲਈ ਕਿਹਾ।’’ ਮੀਡੀਆ ’ਚ ਆਏ ਇਸ ਬਿਆਨ ਤੋਂ ਬਾਅਦ ਹੀ ਪੁਲਿਸ ਨੇ ਗਵਾਹੀ ਸਮੇਤ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ। ਪੀੜਤ ਦਾ ਗਲਾ ਉਸ ਦੇ 9 ਸਾਲਾਂ ਦੇ ਪੁੱਤਰ ਦੀਆਂ ਅੱਖਾਂ ਸਾਹਮਣੇ ਵੱਢ ਦਿੱਤਾ ਸੀ।

ਰਮਨਦੀਪ ਕੌਰ ਅਤੇ ਮਿੱਠੂ ਤੋਂ ਪੁਲਿਸ ਨੇ ਇਹ ਪੁੱਛਿਆ ਸੀ ਕਿ ਸੁਖਜੀਤ ਦਾ ਕਤਲ ਦੁਬਈ ਜਾਂ ਇੰਗਲੈਂਡ ’ਚ ਕਿਉਂ ਨਹੀਂ ਕੀਤਾ? ਇਸ ’ਤੇ ਉਨ੍ਹਾਂ ਦਾ ਜਵਾਬ ਸੀ ਕਿ ਉਨ੍ਹਾਂ ਦੀ ਸਮਝ ’ਚ ਭਾਰਤ ਦਾ ਕਾਨੂੰਨ ਲੱਚਰ ਸੀ ਅਤੇ ਉਹ ਰਿਸ਼ਵਤ ਦੇ ਕੇ ਇਸ ਕਤਲ ਤੋਂ ਬਚ ਜਾਣਗੇ। ਕਤਲ ਤੋਂ ਬਾਅਦ ਮਿੱਠੂ ਦੁਬਈ ਅਤੇ ਰਮਨਦੀਪ ਇੰਗਲੈਂਡ ਚਲੇ ਜਾਂਦੇ ਹਨ ਤਾਂ ਜੋ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਜਾਣ ਪਰ ਭਾਰਤ ਆ ਕੇ ਪੁਲਿਸ ਅਤੇ ਕਾਨੂੰਨ ਵਿਵਸਥਾ ’ਤੇ ਉਨ੍ਹਾਂ ਦੀ ਸੋਚ ਗ਼ਲਤ ਸਾਬਤ ਹੋਈ ਅਤੇ ਦੋਹਾਂ ਨੂੰ ਨਾ ਸਿਰਫ਼ ਅਗਲੇ ਹੀ ਦਿਨ ਫੜ ਲਿਆ ਗਿਆ, ਬਲਕਿ ਕਾਨੂੰਨ ’ਤੇ ਉਨ੍ਹਾਂ ਦਾ ਅੰਦਾਜ਼ਾ ਗ਼ਲਤ ਸਾਬਤ ਕਰਦਿਆਂ ਪੁਲਿਸ, ਸਰਕਾਰੀ ਵਕੀਲ ਨੇ ਮਿਲ ਕੇ ਸਬੂਤ ਅਤੇ ਦਲੀਲਾਂ ਅਦਾਲਤ ’ਚ ਪੇਸ਼ ਕੀਤੀਆਂ, ਜਿਨ੍ਹਾਂ ਕਾਰਨ ਦੋਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ।