ਅੰਮ੍ਰਿਤਸਰ | ਸ਼ਹਿਰ ਦੇ ਬੱਸ ਸਟੈਂਡ ਕੋਲ ਸਥਿਤ ਅਜ਼ਾਦ ਹੋਟਲ ਦੇ ਮਾਲਕ ਨੈਸ਼ਨਲ ਸਿਟੀ ਨਿਵਾਸੀ ਕੁਲਵੰਤ ਸਿੰਘ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਕੋਲੋਂ 4 ਪੰਨਿਆਂ ਦਾ ਇਕ ਸੁਸਾਈਡ ਨੋਟ ਮਿਲਿਆ, ਜਿਸ ਵਿਚ ਸਪੱਸ਼ਟ ਹੋਇਆ ਕਿ ਮ੍ਰਿਤਕ ਨੇ ਇਕ ਔਰਤ ਅਤੇ ਉਸ ਦੇ ਸਾਥੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਚੌਕੀ ਬੱਸ ਸਟੈਂਡ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਬੇਟੇ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੁਖਬੀਰ ਕੌਰ, ਉਸ ਦੇ ਸਾਥੀਆਂ ਬੰਟੀ ਤੇ ਹੋਰਨਾਂ ਤੋਂ ਉਸ ਦੇ ਪਿਤਾ ਪ੍ਰੇਸ਼ਾਨ ਸਨ। ਲੰਬੇ ਸਮੇਂ ਤੋਂ ਉਹ ਪਿਤਾ ਨੂੰ ਬਲੈਕਮੇਲ ਕਰ ਰਹੀ ਸੀ। ਇਸ ਦੌਰਾਨ ਪਿਤਾ ਨੇ ਇਕ ਵਾਰ 10 ਲੱਖ ਰੁਪਏ ਦੇ ਵੀ ਦਿੱਤੇ ਸਨ ਪਰ ਹੁਣ ਉਹ ਹੋਰ 10 ਲੱਖ ਰੁਪਏ ਮੰਗ ਰਹੀ ਸੀ। ਇਸ ਲਈ ਪਿਤਾ ਨੇ ਤੰਗ ਆ ਕੇ ਖੁਦਕੁਸ਼ੀ ਕਰ ਲਈ।
ਸੁਸਾਈਡ ਨੋਟ ‘ਚ ਕੁਲਵੰਤ ਸਿੰਘ ਨੇ ਲਿਖਿਆ ਹੈ ਕਿ ਉਹ ਦੁਬਾਰਾ 10 ਲੱਖ ਰੁਪਏ ਨਹੀਂ ਦੇ ਸਕਦਾ, ਜਿਸ ਕਾਰਨ ਔਰਤ, ਬੰਟੀ ਅਤੇ ਇਨ੍ਹਾਂ ਦੇ ਸਾਥੀ ਧਮਕੀਆਂ ਦੇ ਰਹੇ ਸਨ। ਤੰਗ ਆ ਕੇ ਮੈਂ ਖੁਦਕੁਸ਼ੀ ਕਰ ਰਿਹਾ ਹਾਂ।