ਸਾਕਸ਼ੀ ਕਤਲ ਮਾਮਲਾ : ਦਿੱਲੀ ਸਰਕਾਰ ਪੀੜਤ ਪਰਿਵਾਰ ਨੂੰ ਦੇਵੇਗੀ 10 ਲੱਖ ਦੀ ਮੁਆਵਜ਼ਾ ਰਾਸ਼ੀ

0
388

ਨਵੀਂ ਦਿੱਲੀ | ਆਮ ਆਦਮੀ ਪਾਰਟੀ ਨੇ ਦਿੱਲੀ ਦੇ ਸ਼ਾਹਬਾਦ ਡੇਅਰੀ ਖੇਤਰ ਵਿਚ ਇਕ ਨਾਬਾਲਗ ਲੜਕੀ ਦੇ ਕਤਲ ਨੂੰ ਲੈ ਕੇ ਸ਼ਹਿਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਉਤੇ ਸਵਾਲ ਉਠਾਏ ਹਨ ਅਤੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਪੁਲਿਸ ਅਨੁਸਾਰ ਉਤਰ-ਪੱਛਮੀ ਦਿੱਲੀ ਦੇ ਸ਼ਾਹਬਾਦ ਡੇਅਰੀ ਖੇਤਰ ਵਿਚ ਇਕ 16 ਸਾਲਾ ਲੜਕੀ ਨੂੰ ਉਸ ਦੇ ਪ੍ਰੇਮੀ ਨੇ ਕਥਿਤ ਤੌਰ ‘ਤੇ ਕਈ ਵਾਰ ਚਾਕੂ ਮਾਰ ਕੇ ਮਾਰ ਦਿੱਤਾ ਅਤੇ ਫਿਰ ਪੱਥਰ ਨਾਲ ਕੁਚਲ ਦਿਤਾ। ਇਸ ਸਾਰੀ ਘਟਨਾ ਦੌਰਾਨ ਆਸ-ਪਾਸ ਖੜ੍ਹੇ ਲੋਕ ਮੂਕ ਦਰਸ਼ਕ ਬਣੇ ਰਹੇ।

ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਨੇ ਮੰਗਲਵਾਰ ਨੂੰ ਬੱਚੀ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਦਿੱਲੀ ਸਰਕਾਰ ਨੇ ਲੜਕੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਵੀ ਐਲਾਨ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਦਿੱਲੀ ਸਰਕਾਰ ਸਾਕਸ਼ੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਦੇਵੇਗੀ ਅਤੇ ਅਦਾਲਤ ਤੋਂ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰੇਗੀ, ਵੱਡੇ ਤੋਂ ਵੱਡੇ ਵਕੀਲ ਖੜ੍ਹੇ ਕਰੇਗੀ”।