ਸੈਲਫੀ ਲੈਂਦਿਆਂ ਕਿਸ਼ਤੀ ਦਾ ਸੰਤੁਲਨ ਵਿਗੜਿਆ, 2 ਸਕੇ ਭਰਾਵਾਂ ਸਣੇ ਚਾਰ ਜਣੇ ਝੀਲ ‘ਚ ਡੁੱਬੇ

0
312

ਹਰਿਆਣਾ| ਸੈਲਫੀ ਲੈਂਦਿਆਂ ਮੌਤ ਹੋਣ ਦੀਆਂ ਕਈ ਖਬਰਾਂ ਸਾਹਮਣੇ ਆਈਆਂ ਹਨ ਪਰ ਨੌਜਵਾਨਾਂ ਨੂੰ ਸੈਲਫੀਆਂ ਲੈਣ ਦਾ ਇੰਨਾ ਕ੍ਰੇਜ਼ ਹੈ ਕਿ ਉਹ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ । ਅਜਿਹਾ ਹੀ ਇਕ ਮਾਮਲਾ ਹਰਿਆਣਾ ਦੇ ਨੂੰਹ ਤੋਂ ਸਾਹਮਣੇ ਆਇਆ ਹੈ।

ਨੂਹ ਦੇ ਪਿੰਡ ਕੋਟਲਾ ਸਥਿਤ ਕੋਟਲਾ ਝੀਲ ‘ਚ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕੋਟਲਾ ਝੀਲ ‘ਚ ਕਿਸ਼ਤੀ ਦੀ ਸਵਾਰੀ ਲਈ ਗਏ 5 ਨੌਜਵਾਨਾਂ ‘ਚੋਂ 4 ਦੀ ਮੌਤ ਹੋ ਗਈ। ਇਨ੍ਹਾਂ 4 ਮ੍ਰਿਤਕਾਂ ‘ਚੋਂ 3 ਅੰਕੇਦਾ ਪਿੰਡ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚ ਦੋ ਸਕੇ ਭਰਾ ਸਨ, ਜਦੋਂ ਕਿ ਚੌਥਾ ਪੁਨਹਾਣਾ ਦੇ ਪਿੰਡ ਸਿੰਗਲਹੇੜੀ ਦਾ ਰਹਿਣ ਵਾਲਾ ਸੀ। ਚਾਰੋਂ ਕਿਸ਼ਤੀ ‘ਚ ਸਵਾਰ ਹੋ ਕੇ ਸੈਲਫੀ ਲੈ ਰਹੇ ਸਨ। ਇਸ ਦੌਰਾਨ ਕਿਸ਼ਤੀ ਦਾ ਸੰਤੁਲਨ ਵਿਗੜਨ ਕਾਰਨ ਉਹ ਪਾਣੀ ਵਿੱਚ ਡਿੱਗ ਗਏ, ਉਨ੍ਹਾਂ ਦਾ ਪੰਜਵਾਂ ਸਾਥੀ ਤੈਰਦਾ ਹੋਇਆ ਬਾਹਰ ਆਇਆ।

ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਦਾ ਦੱਸਿਆ ਜਾ ਰਿਹਾ ਹੈ। 5 ਨੌਜਵਾਨ ਮੁਸਤਾਕ (23), ਯਾਸਿਰ (15), ਸਾਕਿਬ (17), ਸਾਹਿਲ (15), ਪਿੰਡ ਅਨਖੇੜਾ ਅਤੇ ਨਜਾਕਤ (19) ਵਾਸੀ ਪਿੰਡ ਸਿੰਗਲਹੇੜੀ ਇਕੱਠੇ ਕੋਟਲਾ ਝੀਲ ਪਹੁੰਚੇ। ਇਸ ਦੌਰਾਨ ਪੰਜੇ ਜਣੇ ਝੀਲ ਕੋਲ ਰੱਖੀ ਕਿਸ਼ਤੀ ਵਿੱਚ ਬੈਠ ਗਏ ਅਤੇ ਕਿਸ਼ਤੀ ਵਿੱਚ ਸੈਰ ਕਰਨ ਲੱਗੇ। ਇਸ ਦੌਰਾਨ ਨੌਜਵਾਨਾਂ ਨੇ ਸੈਲਫੀ ਲੈਣੀ ਸ਼ੁਰੂ ਕਰ ਦਿੱਤੀ। ਸੈਲਫੀ ਲੈਂਦੇ ਸਮੇਂ ਕਿਸ਼ਤੀ ਦਾ ਬੈਲੇਂਸ ਵਿਗੜ ਗਿਆ ਤੇ ਇਹ ਪਲਟ ਗਈ।

ਦੱਸਿਆ ਗਿਆ ਹੈ ਕਿ ਕਿਸ਼ਤੀ ਪਲਟਣ ਤੋਂ ਬਾਅਦ ਪੰਜੇ ਝੀਲ ਵਿੱਚ ਡਿੱਗ ਗਏ। ਇਸ ਦੌਰਾਨ ਯਾਸਿਰ ਕਿਸੇ ਤਰ੍ਹਾਂ ਤੈਰਦੇ ਹੋਏ ਬਾਹਰ ਨਿਕਲਣ ‘ਚ ਕਾਮਯਾਬ ਹੋ ਗਿਆ ਪਰ ਬਾਕੀ ਚਾਰ ਵਿਅਕਤੀ ਤੈਰਨਾ ਨਹੀਂ ਜਾਣਦੇ ਸਨ, ਜਿਸ ਕਰਕੇ ਝੀਲ ‘ਚ ਡੁੱਬਣ ਲੱਗੇ। ਬਾਹਰ ਨਿਕਲਦੇ ਹੀ ਯਾਸਿਰ ਨੇ ਰੌਲਾ ਪਾਇਆ ਤਾਂ ਕੁਝ ਦੂਰੀ ‘ਤੇ ਮੱਛੀਆਂ ਫੜ ਰਿਹਾ ਪਿੰਡ ਅੰਕੇੜਾ ਦਾ ਹੈਪੂ ਰੌਲਾ ਸੁਣ ਕੇ ਆ ਗਿਆ। ਉਸ ਨੇ ਪਿੰਡ ਦੇ ਲੋਕਾਂ ਨੂੰ ਬੁਲਾ ਕੇ ਸੂਚਿਤ ਕੀਤਾ ਅਤੇ ਡੁੱਬਦੇ ਨੌਜਵਾਨ ਨੂੰ ਬਚਾਉਣ ਲਈ ਝੀਲ ਵਿੱਚ ਉਤਰਿਆ।

ਇਸ ਦੌਰਾਨ ਹੈਪੂ ਨੇ ਕਿਸੇ ਤਰ੍ਹਾਂ 2 ਨੌਜਵਾਨਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਪਿੰਡ ਵਾਸੀ ਵੀ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ 2 ਹੋਰਾਂ ਨੂੰ ਵੀ ਝੀਲ ‘ਚੋਂ ਬਾਹਰ ਕੱਢ ਲਿਆ। ਇਸ ਦੌਰਾਨ ਪਿੰਡ ਵਾਸੀ ਉਸ ਨੂੰ ਮੈਡੀਕਲ ਕਾਲਜ ਨਲਹਾਰ ਲੈ ਗਏ। ਪਰ ਇੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਚਾਰਾਂ ਨੂੰ ਪੋਸਟਮਾਰਟਮ ਲਈ ਨੂਹ ਸੀਐਚਸੀ ਲਿਜਾਇਆ ਗਿਆ। ਇਸ ਮਾਮਲੇ ‘ਚ ਥਾਣਾ ਸਦਰ ਦੀ ਪੁਲਸ ਨੇ 174 ਤਹਿਤ ਕਾਰਵਾਈ ਕਰਦੇ ਹੋਏ ਦੇਰ ਸ਼ਾਮ ਚਾਰਾਂ ਦਾ ਪੋਸਟਮਾਰਟਮ ਕਰਵਾਇਆ। ਇਸ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ।