ਕੈਨੇਡਾ ‘ਚ ਓਵਰਟੇਕ ਕਰਦਿਆਂ ਪਲਟੀ ਪੰਜਾਬੀ ਕਲਾਕਾਰ ਸਿੱਪੀ ਗਿੱਲ ਦੀ ਕਾਰ, ਵਾਲ਼-ਵਾਲ਼ ਬਚੇ

0
4272
ਕੈਨੇਡਾ, 25 ਜਨਵਰੀ| ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਕੈਨੇਡਾ ‘ਚ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। ਗਾਇਕ ਸਿੱਪੀ ਗਿੱਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ ‘ਚ ਅਚਾਨਕ ਉਨ੍ਹਾਂ ਦੀ ਕਾਰ ਰੁਬੀਕਨ ਪਲਟ ਗਈ। ਹਾਦਸੇ ਵਿੱਚ ਸਿੱਪੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਗਾਇਕ ਸਿੱਪੀ ਗੱਡੀ ‘ਚੋਂ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ। ਇੱਥੋਂ ਤੱਕ ਕਿ ਜਿੱਥੇ ਉਨ੍ਹਾਂ ਦਾ ਹਾਦਸਾ ਹੋਇਆ ਉੱਥੇ ਫ਼ੋਨ ਵੀ ਕੰਮ ਨਹੀਂ ਕਰ ਰਿਹਾ ਸੀ।

ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਹਗੀਰ ਨੇ ਉਨ੍ਹਾਂ ਦੀ ਮਦਦ ਕੀਤੀ। ਉਸ ਵਿਅਕਤੀ ਨੇ ਬੈਲਟ ਆਦਿ ਲਗਾ ਕੇ ਉਨ੍ਹਾਂ ਦੀ ਕਾਰ ਸਿੱਧੀ ਕਰ ਲਈ। ਸਿੱਪੀ ਨੇ ਅੰਗਰੇਜ਼ ਰਾਹਗੀਰ ਦਾ ਧੰਨਵਾਦ ਵੀ ਕੀਤਾ। 

ਦੱਸ ਦਈਏ ਕਿ ਗਾਇਕ ਨਾਲ ਇਹ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ ‘ਤੇ ਵਾਪਰਿਆ। ਉਨ੍ਹਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ ‘ਚ ਇਹ ਹਾਦਸਾ ਵਾਪਰਿਆ ਹੈ। ਸਿੱਪੀ ਨੇ ਮਜ਼ਾਕ ਵਿਚ ਕਿਹਾ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ। ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾ ਲਓ।