ਚੰਡੀਗੜ੍ਹ | ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸੋਮਵਾਰ ਪਹਿਲੀ ਵਾਰ ਮੀਡੀਆ ਦੇ ਸਨਮੁੱਖ ਹੋਏ। ਪੰਜਾਬ ਦੇ ਮੁੱਦਿਆਂ ‘ਤੇ ਬੋਲਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਸੰਬੋਧਨ ਹੱਥ ਜੋੜ ਕੇ ਗੁਰਬਾਣੀ ਦੀ ਤੁਕ ਨਾਲ ਸ਼ੁਰੂ ਕੀਤਾ।
ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਜਿਹੜੀ ਸੋਚ ਗੁਰੂ ਨਾਨਕ ਦੇਵ ਜੀ ਦੀ ਸੀ, ਉਸੇ ਸੋਚ ਤਹਿਤ ਅੱਜ ਕਾਂਗਰਸ ਨੇ ਕੰਮ ਕਰਦਿਆਂ ਆਮ ਆਦਮੀ ਨੂੰ ਮੁੱਖ ਮੰਤਰੀ ਦਾ ਅਹੁਦਾ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਸਾਰੇ ਆਗੂਆਂ ਸਮੇਤ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕਰਦੇ ਹਨ।
ਸੰਬੋਧਨ ਦੌਰਾਨ ਹੋਏ ਭਾਵੁਕ
ਕਾਨਫਰੰਸ ਦੌਰਾਨ ਚੰਨੀ ਇਕ ਸਮੇਂ ਭਾਵੁਕ ਵੀ ਹੋ ਗਏ। ਉਨ੍ਹਾਂ ਕਿਹਾ ਕਿ ਜਿਥੇ ਮੈਂ ਪੈਦਾ ਹੋਇਆ, ਉਥੇ ਛੱਤ ਵੀ ਨਹੀਂ ਸੀ। ਉਨ੍ਹਾਂ ਖੁਦ ਟੈਂਟ ਲਗਾਏ। ਜੇਕਰ ਮੇਰੇ ਬੋਲਣ ਵਿੱਚ ਕੁਝ ਗਲਤੀ ਹੋ ਗਈ ਹੋਵੇ ਤਾਂ ਮਾਫ ਕਰ ਦਿਓ। ਮੈਂ ਖੁਦ ਰਿਕਸ਼ਾ ਚਲਾਇਆ ਹੈ। ਮੈਂ ਅਮੀਰ ਦਾ ਨਹੀਂ ਸਗੋਂ ਗਰੀਬ ਆਦਮੀ ਦਾ ਨੇਤਾ ਹਾਂ।
ਰਾਹੁਲ ਗਾਂਧੀ ਇਕ ਕ੍ਰਾਂਤੀਕਾਰੀ ਆਗੂ : ਚੰਨੀ
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਕ ਕ੍ਰਾਂਤੀਕਾਰੀ ਆਗੂ ਹਨ, ਜਿਨ੍ਹਾਂ ਨੇ ਅੱਜ ਉਸ ਆਦਮੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ, ਜਿਸ ਦੇ ਸਿਰ ‘ਤੇ ਇਕ ਸਮੇਂ ਛੱਤ ਤੱਕ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੀ ਉਸ ਧਰਤੀ ਤੋਂ ਹਾਂ, ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਹਿਬਜ਼ਾਦੇ ਵਾਰ ਦਿੱਤੇ।
(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)