ਬਿਜਲੀ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਵਟਸਐਪ ਨੰਬਰ ਜਾਰੀ, ਹੋਵੇਗਾ ਤੁਰੰਤ ਹੱਲ, ਪੜ੍ਹੋ ਪੂਰੀ ਖਬਰ

0
548

ਅੰਮ੍ਰਿਤਸਰ | ਹਰਭਜਨ ਸਿੰਘ ਈ.ਟੀ.ਓ. ਲੋਕ ਨਿਰਮਾਣ ਤੇ ਬਿਜਲੀ ਮੰਤਰੀ ਪੰਜਾਬ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲਗਭਗ 96 ਲੱਖ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਵਟਸਐਪ ਨੰਬਰ ਜਾਰੀ ਕੀਤਾ ਹੈ, ਜਿਸ ਉਤੇ ਆਈ ਸ਼ਿਕਾਇਤ ਦਾ ਹੱਲ ਵਿਭਾਗ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੀ ਮੰਗ ਵਧਣ ਕਾਰਨ ਸਪਲਾਈ ਸੰਬੰਧੀ ਸ਼ਿਕਾਇਤਾਂ ਵੀ ਵਧ ਜਾਂਦੀਆਂ ਹਨ। ਖਪਤਕਾਰਾਂ ਦੀਆਂ ਸਪਲਾਈ ਸੰਬੰਧੀ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਕਾਰਪੋਰੇਸ਼ਨ ਕੋਲ 24&7 ਸ਼ਿਫਟਾਂ ਵਿੱਚ ਕੰਮ ਕਰਨ ਵਾਲਾ ਮਿਹਨਤੀ ਸਟਾਫ਼ ਉਪਲੱਬਧ ਹੈ।


ਈ.ਟੀ.ਓ ਨੇ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਇੱਕ ਸਿੰਗਲ ਸਮਰਪਿਤ ਟੋਲ ਫਰੀ ਨੰਬਰ 1912 ਦਾ ਇਕ ਮਜਬੂਤ ਕਸਟਮਰ ਕੇਅਰ ਸਿਸਟਮ ਹੈ। ‘1912’ ਤੇ ਕੀਤੀਆਂ ਗਈਆਂ ਕਾਲਾਂ ਲੁਧਿਆਣਾ ਵਿਖੇ ਸਥਿਤ 120 ਸੀਟਾਂ ਵਾਲੇ ਕਾਲ ਸੈਂਟਰ ਤੇ ਦਰਜ ਕੀਤੀਆਂ ਜਾਂਦੀਆਂ ਹਨ। ਖਪਤਕਾਰਾਂ ਕੋਲ ਪਹਿਲਾਂ ਹੀ ਸ਼ਿਕਾਇਤਾਂ ਦਰਜ ਕਰਨ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਸਿੰਗਲ ਸਮਰਪਿਤ ਟੋਲ ਫਰੀ ਨੰਬਰ 1912 ਤੇ ਕਾਲ ਕਰਨਾ ਜਾਂ 1912 ਤੇ “No Supply”, 1800-180-1512 ਤੇ ਮਿਸਡ ਕਾਲ, 1ndroid ਅਤੇ iOS ਮੋਬਾਇਲ ਫੋਨਾਂ ਲਈ ਮੋਬਾਇਲ ਐਪ ਦਾ ਵਿਕਲਪ ਹੈ।


ਖਪਤਕਾਰ ਸੇਵਾਵਾਂ ਦੇ ਵਧਾਉਣ ਦੇ ਯਤਨ ਵਿੱਚ, ਪੀ.ਐਸ.ਪੀ.ਸੀ.ਐਲ. ਦੁਆਰਾ ਗਾਹਕਾਂ ਲਈ ਵਟਸਐਪ ਰਾਹੀਂ ਸ਼ਿਕਾਇਤਾਂ ਦਰਜ ਕਰਨ ਦੀ ਇੱਕ ਨਵੀਂ ਸਹੂਲਤ ਉਪਲੱਬਧ ਕਰਵਾਈ ਗਈ ਹੈ। ਖਪਤਕਾਰ ਵਟਸਐਪ ਨੰਬਰ 9646101912 ਤੇ ਕੀ-ਵਰਡ “No Supply” ਭੇਜ ਕੇ ਨੋ ਸਪਲਾਈ ਦੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਸ਼ਿਕਾਇਤਕਰਤਾ ਦੇ ਮੋਬਾਇਲ ਨੰਬਰ ਤੋਂ ਆਖਰੀ ਦਰਜ ਕੀਤੀ ਗਈ ਸ਼ਿਕਾਇਤ ਦੇ ਪਤੇ ਤੇ ਹੀ ਸ਼ਿਕਾਇਤ ਦਰਜ ਕੀਤੀ ਜਾਵੇਗੀ। ਜੇਕਰ ਖਪਤਕਾਰ ਦਾ ਮੋਬਾਈਲ ਨੰਬਰ ਪੀ.ਐਸ.ਪੀ.ਸੀ.ਐਲ. ਕੋਲ ਰਜਿਸਟਰਡ ਨਹੀਂ ਹੈ, ਤਾਂ ਉਨ੍ਹਾਂ ਨੂੰ ਕਿਸੇ ਹੋਰ ਵਿਕਲਪ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਮੈਸੇਜ ਭੇਜਿਆ ਜਾਵੇਗਾ। ਇੱਕ ਵਾਰ ਉਸ ਮੋਬਾਈਲ ਤੋਂ ਸ਼ਿਕਾਇਤ ਦਰਜ ਹੋਣ ਤੇ, ਉਪਭੋਗਤਾ ਆਪਣੇ ਆਪ ਪੀ.ਐਸ.ਪੀ.ਸੀ.ਐਲ. 1912 ਕਸਟਮਰ ਰਿਲੇਸ਼ਨਸ਼ਿਪ ਮਨੇਜਮੈਂਟ ਸਿਸਟਮ ਨਾਲ ਰਜਿਸਟਰ ਹੋ ਜਾਵੇਗਾ ਅਤੇ ਫਿਰ ਉਪਰੋਕਤ ਵਟਸਐਪ ਨੰਬਰ ਰਾਹੀਂ ਸ਼ਿਕਾਇਤ ਦਰਜ ਕਰਵਾ ਸਕੇਗਾ।

ਸ਼ਿਕਾਇਤ ਦੇ ਨਿਪਟਾਰੇ ਸੰਬੰਧੀ ਐਸ.ਐਮ.ਐਸ. ਅਤੇ ਆਈ.ਵੀ.ਆਰ.ਐਸ. ਸਿਸਟਮ ਰਾਹੀਂ ਫੀਡਬੈਕ ਸੇਵਾ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਖਪਤਕਾਰਾਂ ਨੂੰ ਇਮਾਨਦਾਰ ਫੀਡਬੈਕ ਸਾਂਝਾ ਕਰਨ ਦੀ ਅਪੀਲ ਕਰਦਾ ਹੈ ਅਤੇ ਜੇਕਰ ਉਹ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਤੋਂ ਸੰਤੁਸ਼ਟ ਨਹੀਂ ਹਨ, ਤਾਂ ਉਹ ਸ਼ਿਕਾਇਤਾਂ ਦੇ ਨਿਪਟਾਰੇ ਲਈ 1912 ਤੇ ਆਪਣੀ ਟਿੱਪਣੀ ਲਿਖ ਕੇ ਐਸਐਮਐਸ ਭੇਜ ਸਕਦੇ ਹਨ।