ਸਰਕਾਰੀ ਸਕੂਲਾਂ ਦੀ ਸ਼ਾਨ ਬਹਾਲ ਕਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਾਂਗੇ

0
1432

ਐੱਸ.ਏ.ਐੱਸ. ਨਗਰ, ਮੋਹਾਲੀ | ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਥੇ ਦਾਖਲਾ ਮੁਹਿੰਮ 2023 ਦਾ ਆਗਾਜ਼ ਕੀਤਾ। ਇਸ ਮੁਹਿੰਮ ਦਾ ਉਦੇਸ਼ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦਾ ਦਾਖਲਾ ਵਧਾਉਣਾ ਹੈ।
ਸਿੱਖਿਆ ਅਧਿਕਾਰੀਆਂ ਦੀ ਇਕ ਦਿਨਾ ਓਰੀਐਂਟੇਸ਼ਨ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਸ਼ਾਨ ਬਹਾਲ ਕਰਨ ਵਾਸਤੇ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ।  

 ਸ. ਬੈਂਸ ਨੇ ਕਿਹਾ ਕਿ ਸਾਡਾ ਮਕਸਦ ਸਿਰਫ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣਾ ਹੀ ਨਹੀਂ ਸਗੋਂ ਹਰੇਕ ਵਿਦਿਆਰਥੀ ਦਾ ਅਗਲੀ ਜਮਾਤ ਵਿੱਚ ਦਾਖਲਾ ਯਕੀਨੀ ਬਣਾਉਣਾ ਵੀ ਹੈ। ਉਹਨਾਂ ਕਿਹਾ ਕਿ ਲੰਬੀ ਗੈਰ ਹਾਜ਼ਰੀ ਕਾਰਨ ਸਕੂਲ ਛੱਡਣ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵਾਸਤੇ ਵਿਭਾਗੀ ਅਧਿਕਾਰੀ ਵਿਸ਼ੇਸ਼ ਉਪਰਾਲੇ ਕਰਨ।

‘ਬਿਹਤਰ ਅਨੁਭਵ ਵਿੱਦਿਆ ਮਿਆਰੀ, ਮਾਣ ਪੰਜਾਬ ਦਾ ਸਕੂਲ ਸਰਕਾਰੀ’ ਦੇ ਨਾਹਰੇ ਨੂੰ ਸਾਕਾਰ ਕਰਨ ਦੀ ਹਦਾਇਤ ਕਰਦਿਆਂ ਉਨ੍ਹਾ  ਕਿਹਾ ਕਿ ਪੰਜਾਬ ਦੀ ਸਕੂਲ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾ ਰਿਹਾ ਹੈ ਜਿਸਦੇ ਤਹਿਤ 31 ਮਾਰਚ ਤੱਕ ਹਰ ਸਕੂਲ ਵਿੱਚ ਵਿਦਿਆਰਥੀਆਂ ਦੇ ਬੈਠਣ ਵਾਸਤੇ ਬੈਂਚ ਮੁਹੱਈਆ ਕਰਵਾਏ ਜਾਣਗੇ ਅਤੇ ਧਾਰਮਿਕ ਸਥਾਨਾਂ ਵਿੱਚ ਚੱਲਦੇ ਸਕੂਲਾਂ ਨੂੰ ਵੱਖਰੀਆਂ ਇਮਾਰਤਾਂ ਵਿੱਚ ਤਬਦੀਲ ਕੀਤਾ ਜਾਵੇਗਾ।

ਸਿੱਖਿਆ ਮੰਤਰੀ ਸ. ਬੈਂਸ ਨੇ ਸਿੱਖਿਆ ਵਿਭਾਗ ਵਿੱਚੋਂ ਰਿਸ਼ਵਤਖ਼ੋਰੀ ਦੇ ਕਲੰਕ ਨੂੰ ਸਦਾ ਵਾਸਤੇ ਖਤਮ ਕਰਨ ਬਾਰੇ ਬੋਲਦਿਆਂ ਕਿਹਾ ਕਿ ਵਿਭਾਗ ਵਿੱਚ ਜੇਕਰ ਕੋਈ ਮੁਲਾਜ਼ਮ ਅਜਿਹਾ ਕਰੇਗਾ ਉਸ ਖਿਲਾਫ ਸਖ਼ਤ ਕਾਰਵਾਈ ਹੋਵੇਗੀ।

ਉਨ੍ਹਾਂ ਜ਼ਿਲਾ ਅਤੇ ਬਲਾਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਅਧੀਨ ਆਉਣ ਵਾਲੇ ਅਮਲੇ ਤੇ ਤਿੱਖੀ ਨਜ਼ਰ ਰੱਖਣ। ਸ. ਬੈਂਸ ਨੇ ਕਿਹਾ ਕਿ ਵਿਭਾਗ ਵਿੱਚ ਕੰਮ ਸੱਭਿਆਚਾਰ ਦਾ ਵਿਕਾਸ ਹੋਵੇਗਾ ਜਿਸ ਵਿੱਚ ਮਿਹਨਤੀ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਬਣਦਾ ਮਾਣ ਤਾਣ ਦਿੱਤਾ ਜਾਵੇਗਾ।

ਇਸ ਓਰੀਐਂਟੇਸ਼ਨ ਵਰਕਸ਼ਾਪ ਦੌਰਾਨ ਪ੍ਰਮੱਖ ਸਕੱਤਰ ਸਕੂਲ ਸਿੱਖਿਆ ਜਸਪ੍ਰੀਤ ਤਲਵਾੜ, ਡਾਇਰੈਕਟਰ ਐਸਸੀਈਆਰਟੀ ਪੰਜਾਬ ਡਾ. ਮਨਿੰਦਰ ਸਿੰਘ ਸਰਕਾਰੀਆ, ਸਹਾਇਕ ਡਾਇਰੈਕਟਰ ਸ਼ੰਕਰ ਚੌਧਰੀ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਵੱਖ-ਵੱਖ ਵਿਸ਼ਿਆਂ ਤੇ ਪੇਸ਼ਕਾਰੀਆਂ ਦਿੱਤੀਆਂ।