ਵਿਜੀਲੈਂਸ ਨੇ ਸੁੰਦਰ ਸ਼ਾਮ ਅਰੋੜਾ ਦਾ ਮੈਰਿਜ ਪੈਲੇਸ ਤੇ ਮਾਲ ਕੀਤੇ ਜ਼ਬਤ, ਭਾਜਪਾ ‘ਚ ਜਾਣ ਦਾ ਵੀ ਨਹੀਂ ਮਿਲਿਆ ਫਾਇਦਾ

0
199

ਚੰਡੀਗੜ੍ਹ| ਪੰਜਾਬ ਵਿਜੀਲੈਂਸ ਬਿਊਰੋ ਨੇ ਕੈਪਟਨ ਅਮਰਿੰਦਰ ਸਰਕਾਰ ਦੇ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਤਹਿਤ ਕਾਰਵਾਈ ਕਰਦੇ ਹੋਏ ਹੁਸ਼ਿਆਰਪੁਰ-ਜਲੰਧਰ ਰੋਡ ਉਤੇ ਸਥਿਤ ਉਨ੍ਹਾਂ ਦੇ ਦੋ ਮੈਰਿਜ ਪੈਲੇਸ ਤੇ ਇਕ ਮਾਲ ਨੂੰ ਜ਼ਬਤ ਕਰ ਲਿਆ ਹੈ। ਇਸ ਮਾਲ ਵਿਚ ਕਈ ਵੱਡੇ ਬ੍ਰਾਂਡਾਂ ਦੇ ਸ਼ੋਅਰੂਮ ਹਨ। ਇਸਦੇ ਨਾਲ ਹੀ ਵਿਜੀਲੈਂਸ ਦੀ ਟੀਮ ਨੇ ਸਾਬਕਾ ਮੰਤਰੀ ਅਰੋੜਾ ਦੇ ਹੁਸ਼ਿਆਰਪੁਰ ਸਥਿਤ ਘਰ ਦੀ ਵੀ ਨਾਪ-ਤੋਲ ਕੀਤੀ।

ਵਿਜੀਲੈਂਸ ਦੇ ਡੀਐਸਪੀ ਅਜੇ ਕੁਮਾਰ ਦੀ ਅਗਵਾਈ ਹੇਠ ਵਿਭਾਗ ਦੀਆਂ ਦੋ ਵੱਖ-ਵੱਖ ਤਕਨੀਕੀ ਟੀਮਾਂ ਨੇ ਅਰੋੜਾ ਦੇ ਦੋ ਮੈਰਿਜ ਪੈਲੇਸਾਂ ਅਤੇ ਮਾਲਜ਼ ਦਾ ਮੁਲਾਂਕਣ ਵੀ ਕੀਤਾ। ਉਨ੍ਹਾਂ ਕਿਹਾ ਕਿ ਵਿਜੀਲੈਂਸ ਨੇ ਫਰਵਰੀ ਮਹੀਨੇ ਅਰੋੜਾ ਦੇ ਘਰ ਦੀ ਵੀ ਮਾਪ-ਦੰਡ ਕੀਤੀ ਸੀ। ਵਿਜੀਲੈਂਸ ਵਲੋਂ ਵਿਧਾਇਕ ਤੇ ਮੰਤਰੀ ਹੁੰਦਿਆਂ ਅਰੋੜਾ ਦੀਆਂ ਬਣਾਈਆਂ ਜਾਇਦਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਸਾਬਕਾ ਮੰਤਰੀ ਉਤੇ ਇਕ ਉਦਯੋਗਿਕ ਪਲਾਟ ਨੂੰ ਗਲਤ ਤਰੀਕੇ ਨਾਲ ਤਬਦੀਲ ਕਰਕੇ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਸੀ। ਹਾਲ ਹੀ ਵਿਚ ਉਸਨੂੰ ਗੁਲਮੋਹਰ ਟਾਊਨਸ਼ਿਪ ਲੈਂਡ ਟਰਾਂਸਫਰ ਘੁਟਾਲੇ ਵਿਚ ਅੰਤ੍ਰਿਮ ਜ਼ਮਾਨਤ ਮਿਲੀ ਹੈ। ਅਰੋੜਾ ਪਹਿਲਾਂ ਕਾਂਗਰਸ ਵਿਚ ਸਨ ਪਰ ਪਿਛਲੇ ਸਾਲ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ।

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਅਧਿਕਾਰੀ ਨੂੰ 50 ਲੱਖ ਰਿਸ਼ਵਤ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਉਦੋਂ ਤੋਂ ਹੀ ਉਹ ਜੇਲ੍ਹ ਅੰਦਰ ਹਨ। ਵਿਜੀਲੈਂਸ ਉਸਦੀਆਂ ਜਾਇਦਾਦਾਂ ਦੀ ਜਾਂਚ ਕਰ ਰਹੀ ਹੈ।