ਚੰਡੀਗੜ੍ਹ | ਸੂਬੇ ਵਿਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਗ੍ਰਾਮ ਪੰਚਾਇਤ ਹਵਾਰਾ, ਬਲਾਕ ਖਮਾਣੋਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਪੰਚਾਇਤ ਸਕੱਤਰ ਰਜਿੰਦਰ ਸਿੰਘ ਨੂੰ 37,55,000 ਰੁਪਏ ਦੇ ਫੰਡਾਂ ਦਾ ਘਪਲਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਇਕ ਸ਼ਿਕਾਇਤ ਦੀ ਪੜਤਾਲ ਉਪਰੰਤ ਪੁਲਿਸ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਉਕਤ ਪਿੰਡ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਦੇ ਕਾਰਜਕਾਲ ਦੌਰਾਨ ਗ੍ਰਾਮ ਪੰਚਾਇਤ ਨੂੰ 37,55,000 ਰੁਪਏ ਦੀਆਂ ਵਿਕਾਸ ਸਬੰਧੀ ਗਰਾਂਟਾਂ ਪ੍ਰਾਪਤ ਹੋਈਆਂ ਸਨ। ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਕਥਿਤ ਦੋਸ਼ੀ ਪੰਚਾਇਤ ਸਕੱਤਰ ਨੇ ਗੁਰਦੀਪ ਸਿੰਘ, ਜੂਨੀਅਰ ਇੰਜੀਨੀਅਰ (ਜੇ.ਈ.), ਪੰਚਾਇਤੀ ਰਾਜ ਖਮਾਣੋਂ ਅਤੇ ਸਾਬਕਾ ਸਰਪੰਚ ਬਲਦੇਵ ਸਿੰਘ ਦੀ ਮਿਲੀਭੁਗਤ ਨਾਲ ਉਕਤ ਰਾਸ਼ੀ ਦਾ ਗਬਨ ਕੀਤਾ ਹੈ।
ਵਿਜੀਲੈਂਸ ਬਿਊਰੋ ਦੀ ਟੀਮ ਨੇ ਇਹ ਵੀ ਪਾਇਆ ਹੈ ਕਿ ਗੁਰਦੀਪ ਸਿੰਘ ਜੇ.ਈ. ਨੇ ਗ੍ਰਾਮ ਪੰਚਾਇਤ ਦੇ ਮਿਣਤੀ ਇੰਦਰਾਜ ਰਜਿਸਟਰ (ਐਮ.ਬੀ. ਬੁੱਕ) ਵਿਚ ਉਕਤ ਗ੍ਰਾਂਟਾਂ ਦੀ ਕੋਈ ਐਂਟਰੀ ਨਹੀਂ ਕੀਤੀ। ਉਪਰੋਕਤ ਗਰਾਂਟਾਂ ਵਿਚੋਂ, ਬਿਊਰੋ ਨੇ 19,05,000 ਰੁਪਏ ਦਾ ਮੁਲਾਂਕਣ ਕੀਤਾ ਪਰ ਇਸ ਦੇ ਵੇਰਵੇ ਐਮ.ਬੀ. ਬੁੱਕ ਵਿਚ ਦਰਜ ਨਹੀਂ ਕੀਤੇ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਗਰਾਂਟਾਂ ਵਿਚ ਘਪਲਾ ਕਰਨ ਉਪਰੰਤ ਗੁਰਦੀਪ ਸਿੰਘ ਜੇ.ਈ. ਨੇ ਇਸ ਸਬੰਧੀ ਵਰਤੋਂ ਸਰਟੀਫਿਕੇਟ ‘ਤੇ ਦਸਤਖਤ ਕਰਕੇ ਬੀ.ਡੀ.ਪੀ.ਓ. ਖਮਾਣੋਂ ਤੋਂ ਜਾਰੀ ਕਰਵਾ ਲਿਆ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਉਪਰੰਤ ਇਸ ਘਪਲੇ ਵਿਚ ਦੋਸ਼ੀ ਗੁਰਦੀਪ ਸਿੰਘ, ਜੇ.ਈ. ਅਤੇ ਬਲਦੇਵ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਇਸ ਵਿਚ ਸ਼ਾਮਲ ਹੋਰਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।